ਜਲੰਧਰ : ਗਾਇਕ ਤੇ ਅਭਿਨੇਤਾ ਦਿਲਜੀਤ ਦੋਸਾਂਝ ਦੇ ਕੰਸਰਟ ਨਾਲ ਲਗਾਤਾਰ ਵਿਵਾਦ ਜੁੜ ਰਹੇ ਹਨ। ਦੱਸਣਯੋਗ ਹੈ ਕਿ ਦਿਲਜੀਤ ਦੇ ਇੰਦੌਰ ਕੰਸਰਟ ਨੂੰ ਬਜਰੰਗ ਦਲ ਨੇ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਦਾ ਗਾਇਕ ਨੇ ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਸ਼ਾਇਰੀ ਜ਼ਰੀਏ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਬੀਤੇ ਐਤਵਾਰ ਆਪਣੇ ਦਿਲ-ਲੁਮਿਨਾਤੀ ਟੂਰ ਕੰਸਰਟ ’ਚ ਇੰਦੌਰ ਦੀ ਸਭ ਤੋਂ ਮਸ਼ਹੂਰ ਗਜ਼ਲ ‘ਕਿਸੀ ਕੇ ਬਾਪ ਦਾ ਹਿੰਦੁਸਤਾਨ ਥੋੜ੍ਹਾ ਹੀ ਹੈ’ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ।
ਵਰਣਨਯੋਗ ਹੈ ਕਿ ਦੁਸਾਂਝ ਦੇ ਇੰਦੌਰ ਕੰਸਰਟ ਨੂੰ ਬਜਰੰਗ ਦਲ ਨੇ ਰੱਦ ਕਰਵਾਉਣ ਦੀ ਮੰਗ ਕੀਤੀ ਸੀ। ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਕੰਸਰਟ ’ਚ ਖੁੱਲ੍ਹੇ ’ਚ ਸ਼ਰਾਬ ਤੇ ਮਾਸ ਪਰੋਸਿਆ ਜਾਂਦਾ ਹੈ, ਜਿਸ ਦੇ ਉਹ ਖਿਲਾਫ ਹੈ। ਉਨ੍ਹਾਂ ਦਾ ਮਕਸਦ ਦੇਸ਼ ਦੀ ਸੱਭਿਅਤਾ ਨੂੰ ਬਚਾਉਣਾ ਹੈ।
ਇਸੇ ਵਿਚਾਲੇ ਗਾਇਕ ਦਿਲਜੀਤ ਦੁਸਾਂਝ ਨੇ ਉਨ੍ਹਾਂ ਨੂੰ ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਸ਼ਾਇਰੀ ਜ਼ਰੀਏ ਜਵਾਬ ਦਿੱਤਾ ਹੈ। ਦੱਸਣਯੋਗ ਹੈ ਕਿ ਰਾਹਤ ਇੰਦੌਰੀ ਦਾ 2020 ’ਚ ਦਿਹਾਂਤ ਹੋ ਗਿਆ ਸੀ। ਉਨਵਾਂ ਦੀ ਸ਼ਾਇਰੀ ਦੇ ਅਲਫਾਜ਼ ਹਨ–‘‘ਅਗਰ ਖਿਲਾਫ ਹੈਂ ਹੋਨੇ ਦੋ, ਜਾਨ ਥੋੜ੍ਹੀ ਹੈ। ਯੇ ਸਬ ਧੂੰਆਂ ਹੈ ਆਸਮਾਂ ਥੋੜ੍ਹੀ ਹੈ। ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਹੈ।’’
ਇੰਦੌਰੀ ਦੀ ਸ਼ਾਇਰੀ ਨੂੰ ਹੁਣੇ ਜਿਹੇ ਉਸ ਵੇਲੇ ਲੋਕਪ੍ਰਿਯਤਾ ਮਿਲੀ ਜਦੋਂ ਇਹ ਨਾਗਰਿਕਤਾ (ਸੋਧ) ਕਾਨੂੰਨ ਅਤੇ ਸਰਬ ਭਾਰਤੀ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਖਿਲਾਫ ਵਿਰੋਧ ਕਰਨ ਵਾਲਿਆਂ ਲਈ ਇਕ ਨਾਅਰਾ ਬਣ ਗਈ ਸੀ। ਇਸ ਕੰਸਰਟ ਬਾਰੇ ਇੰਦੌਰ ’ਚ ਬਜਰੰਗ ਦਲ ਦੇ ਨੇਤਾ ਤਨੂ ਸ਼ਰਮਾ ਦਾ ਕਹਿਣਾ ਹੈ ਕਿ ਸਾਡਾ ਵਿਰੋਧ ਨਸ਼ਿਆਂ ਦੀ ਵਰਤੋਂ ਦੇ ਖਿਲਾਫ ਹੈ।