ਨਵੀਂ ਦਿੱਲੀ : ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। ਫ਼ਿਲਮ ਹਰ ਦਿਨ ਬਾਕਸ ਆਫਿਸ ‘ਤੇ ਕਰੋੜਾਂ ਰੁਪਏ ਦੀ ਬੰਪਰ ਕਮਾਈ ਕਰ ਰਹੀ ਹੈ। ਫ਼ਿਲਮ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ। ਹੁਣ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਨੇ ਬਾਕਸ ਆਫਿਸ ‘ਤੇ ਨਵਾਂ ਰਿਕਾਰਡ ਬਣਾਇਆ ਹੈ। ਫ਼ਿਲਮ ਦੀ ਵਿਸ਼ਵਵਿਆਪੀ ਕਮਾਈ 1500 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।
‘ਪੁਸ਼ਪਾ 2: ਦਿ ਰੂਲ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਦੁਨੀਆ ਭਰ ‘ਚ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। 'ਪੁਸ਼ਪਾ 2' ਦੇ ਨਾਂ ਤੋਂ ਅਧਿਕਾਰਤ ਇੰਸਟਾ ਅਕਾਊਂਟ ‘ਤੇ ਇਕ ਪੋਸਟ ਕੀਤੀ ਗਈ ਹੈ, ਜਿਸ ਮੁਤਾਬਕ ਅੱਲੂ ਅਰਜੁਨ ਦੀ ਫ਼ਿਲਮ ਨੇ ਹੁਣ ਤੱਕ ਦੁਨੀਆ ਭਰ ‘ਚ 1508 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ‘ਪੁਸ਼ਪਾ 2: ਦਿ ਰੂਲ’ ਤੇਜ਼ੀ ਨਾਲ ‘ਬਾਹੂਬਲੀ 2’ ਦਾ ਰਿਕਾਰਡ ਤੋੜਨ ਵੱਲ ਵਧ ਰਹੀ ਹੈ।
ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ
ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ। ਪਹਿਲੇ ਨੰਬਰ 'ਤੇ ਆਮਿਰ ਖ਼ਾਨ ਦੀ ‘ਦੰਗਲ’ 2000 ਕਰੋੜ ਦੀ ਕਮਾਈ ਨਾਲ ਹੈ। ਦੂਜੇ ਨੰਬਰ ‘ਤੇ ‘ਬਾਹੂਬਲੀ 2’ ਹੈ, ਜਿਸ ਨੇ 1788 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਹੁਣ ਤੀਜੇ ਸਥਾਨ ‘ਤੇ ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਹੈ।
‘ਪੁਸ਼ਪਾ 2’ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ
ਦੱਸ ਦੇਈਏ ਕਿ ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਇਸ ‘ਚ ਰਸ਼ਮਿਕਾ ਮੰਡਾਨਾ, ਫਹਾਦ ਫਾਜ਼ਿਲ ਅਤੇ ਜਗਪਤੀ ਬਾਬੂ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ‘ਚ ਹਨ।