ਨਵੀਂ ਦਿੱਲੀ : ਫੂਡ ਸੇਫਟੀ ਰੈਗੂਲੇਟਰ ਐਫਐਸਐਸਏਆਈ(FSSAI) ਨੇ ਫੂਡ ਨਿਰਮਾਤਾਵਾਂ ਅਤੇ ਆਯਾਤਕਾਂ ਨੂੰ ਰਿਜੈਕਟਿਡ ਅਤੇ ਮਿਆਦ ਪੁੱਗ ਚੁੱਕੀਆਂ ਖੁਰਾਕੀ ਵਸਤਾਂ ਦਾ ਤਿਮਾਹੀ ਡੇਟਾ ਔਨਲਾਈਨ ਅਨੁਪਾਲਨ ਪ੍ਰਣਾਲੀ FOSCOS ਰਾਹੀਂ ਜਮ੍ਹਾਂ ਕਰਾਉਣ ਦਾ ਆਦੇਸ਼ ਦਿੱਤਾ ਹੈ। ਇਹ ਕਦਮ ਅਜਿਹੇ ਉਤਪਾਦਾਂ ਦੀ ਮੁੜ ਵਰਤੋਂ ਅਤੇ ਰੀਬ੍ਰਾਂਡਿੰਗ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਇਹ ਹੁਕਮ 16 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ ਅਤੇ ਇਹ ਰੀਪੈਕਰਾਂ ਅਤੇ ਰੀਵੈਲਿਊਅਰਾਂ 'ਤੇ ਵੀ ਲਾਗੂ ਹੁੰਦਾ ਹੈ।
ਰਿਪੋਰਟ ਵਿੱਚ ਕੀ ਸ਼ਾਮਲ ਹੋਵੇਗਾ?
ਇਸ ਡੇਟਾ ਵਿੱਚ ਤਿੰਨ ਮੁੱਖ ਨੁਕਤੇ ਸ਼ਾਮਲ ਹੋਣੇ ਚਾਹੀਦੇ ਹਨ:
ਅੰਦਰੂਨੀ ਗੁਣਵੱਤਾ ਜਾਂਚ 'ਚ ਅਸਫਲ ਹੋਣ ਵਾਲੇ ਉਤਪਾਦਾਂ ਦੀ ਮਾਤਰਾ।
ਫੂਡ ਸਪਲਾਈ ਚੇਨ ਤੋਂ ਅਸਵੀਕਾਰ ਕੀਤੇ ਉਤਪਾਦਾਂ ਦੇ ਵੇਰਵੇ।
ਉਤਪਾਦਾਂ ਦੇ ਨਿਪਟਾਰੇ ਦੀ ਵਿਸਤ੍ਰਿਤ ਰਿਪੋਰਟ।
ਉਦੇਸ਼
FSSAI ਦਾ ਇਹ ਕਦਮ ਭੋਜਨ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਉਤਪਾਦ ਪ੍ਰਦਾਨ ਕਰਨ ਲਈ ਚੁੱਕਿਆ ਗਿਆ ਹੈ। ਰੈਗੂਲੇਟਰ ਨੇ ਹੁਣੇ ਡਾਟਾ ਇਕੱਠਾ ਕਰਨਾ ਸ਼ੁਰੂ ਕਰਨ ਲਈ ਕਿਹਾ ਹੈ ਤਾਂ ਕਿ FOSCOS ਸਿਸਟਮ ਐਕਟੀਵੇਟ ਹੋਣ 'ਤੇ ਡਾਟਾ ਜਮ੍ਹਾ ਕਰਨ 'ਚ ਆਸਾਨੀ ਹੋ ਸਕੇ।
ਮਿਆਦ ਪੁੱਗਣ(ਐਕਸਪਾਇਰੀ) ਦੀ ਮਿਤੀ 'ਤੇ ਨਵੀਆਂ ਸ਼ਰਤਾਂ
ਹਾਲ ਹੀ ਵਿੱਚ FSSAI ਨੇ ਅਜਿਹੇ ਭੋਜਨ ਪਦਾਰਥਾਂ ਦੀ ਡਿਲਿਵਰੀ 'ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਦੀ ਮਿਆਦ ਖਤਮ ਹੋਣ ਦੀ ਮਿਤੀ 45 ਦਿਨਾਂ ਤੋਂ ਘੱਟ ਹੈ। ਇਹ ਨਿਰਦੇਸ਼ ਆਨਲਾਈਨ ਫੂਡ ਬਿਜ਼ਨਸ ਆਪਰੇਟਰਾਂ (FBOs) ਲਈ ਜਾਰੀ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਉਤਪਾਦ ਮਿਲੇ।
ਔਨਲਾਈਨ ਸ਼ਿਕਾਇਤ ਹੱਲ
ਖਪਤਕਾਰ ਮਾਮਲਿਆਂ ਦਾ ਮੰਤਰਾਲਾ 24 ਦਸੰਬਰ ਨੂੰ ਇੱਕ ਨਵੀਂ ਐਪ "ਈ-ਜਾਗ੍ਰਿਤੀ" ਲਾਂਚ ਕਰਨ ਜਾ ਰਿਹਾ ਹੈ। ਇਹ ਐਪ ਗਾਹਕਾਂ ਨੂੰ ਆਵਾਜ਼ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਇਜਾਜ਼ਤ ਦੇਵੇਗੀ, ਜਿਸ ਨਾਲ ਸਮੱਸਿਆਵਾਂ ਦਾ ਜਲਦੀ ਹੱਲ ਯਕੀਨੀ ਹੋਵੇਗਾ।