ਗਾਇਕ ਏਪੀ ਢਿੱਲੋਂ ਦਾ 21 ਦਸੰਬਰ ਨੂੰ ਹੋਣ ਵਾਲਾ ਕੰਸਰਟ ਹੁਣ ਸੈਕਟਰ 34 ਦੇ ਐਗਜ਼ੀਬੀਸ਼ਨ ਮੈਦਾਨ ਦੀ ਥਾਂ ਸੈਕਟਰ 25 ਦੇ ਰੈਲੀ ਗਰਾਊਂਡ ਵਿਚ ਹੋਵੇਗਾ। ਸੈਕਟਰ 34 ਤੇ ਨੇੜਲੇ ਸੈਕਟਰਾਂ ਦੇ ਲੋਕਾਂ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਮਗਰੋਂ ਪ੍ਰਸ਼ਾਸਨ ਨੇ ਐਗਜ਼ੀਬਿਸ਼ਨ ਮੈਦਾਨ ਵਿਚ ਸ਼ੋਅ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਦੱਸ ਦਈਏ ਕਿ ਪਹਿਲਾਂ ਗਾਇਕ ਕਰਨ ਔਜਲਾ ਤੇ ਮਗਰੋਂ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਇਸੇ ਮੈਦਾਨ ’ਤੇ ਹੋਏ ਕੰਸਰਟਾਂ ਕਰਕੇ ਸਥਾਨਕ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਰਨ ਔਜਲਾ ਅਤੇ ਦਿਲਜੀਤ ਦੇ ਸ਼ੋਅ ਤੋਂ ਬਾਅਦ ਹੁਣ ਏਪੀ ਢਿੱਲੋਂ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਢਿੱਲੋਂ ਦਾ ਸ਼ੋਅ 21 ਦਸੰਬਰ ਨੂੰ ਹੋਣ ਵਾਲਾ ਹੈ, ਜਿਸ ਨੂੰ ਸੈਕਟਰ 34 ਦੀ ਬਜਾਏ ਸੈਕਟਰ 25 ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸੈਕਟਰ 34 ਵਿਚ ਦਿਲਜੀਤ ਅਤੇ ਕਰਨ ਔਜਲਾ ਦੇ ਸ਼ੋਅ ਦੌਰਾਨ ਲੋਕਾਂ ਨੂੰ ਆਈਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਢਿੱਲੋਂ ਦਾ ਲਾਈਵ ਸ਼ੋਅ ਸੈਕਟਰ 25 ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਡੀਸੀ ਨੇ ਮੰਗਲਵਾਰ ਨੂੰ ਇਸ ਨੂੰ ਅੰਤਿਮ ਰੂਪ ਦਿੱਤਾ। ਡੀਸੀ ਨੇ ਦੱਸਿਆ ਕਿ ਏਪੀ ਢਿੱਲੋਂ ਦਾ ਸ਼ੋਅ ਹੁਣ ਸੈਕਟਰ 25 ਵਿਚ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਰਿਜੀਤ ਸਿੰਘ ਦਾ ਸ਼ੋਅ 16 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੈ। ਜੇਕਰ ਢਿੱਲੋਂ ਦਾ ਸ਼ੋਅ ਸੈਕਟਰ 25 ਵਿਚ ਸਫ਼ਲ ਰਿਹਾ ਤਾਂ ਅਰਿਜੀਤ ਦਾ ਲਾਈਵ ਸ਼ੋਅ ਵੀ ਸੈਕਟਰ 25 ਵਿਚ ਕੀਤਾ ਜਾਵੇਗਾ। ਸੈਕਟਰ 34 ਵਿਚ ਕਰਨ ਔਜਲਾ ਤੇ ਦਿਲਜੀਤ ਦੇ ਪ੍ਰੋਗਰਾਮ ਕਾਰਨ ਆਸਪਾਸ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਡੀਸੀ ਨੇ ਕਿਹਾ ਕਿ ਦਿਲਜੀਤ ਦੇ ਸ਼ੋਅ ਵਿਚ ਕਰਨ ਔਜਲਾ ਦੇ ਸ਼ੋਅ ਤੋਂ ਕਾਫੀ ਸੁਧਾਰ ਹੋਇਆ ਹੈ ਪਰ ਫਿਰ ਵੀ ਕੁਝ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।