ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਤੇ ਟਾਪ ਦੀਆਂ ਅਦਾਕਾਰਾਂ ਨੀਰੂ ਬਾਜਵਾ ਅਤੇ ਤਾਨੀਆ ਇਕੱਠੇ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ। ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਦੋਵੇਂ ਅਭਿਨੇਤਰੀਆਂ ਪੰਜਾਬੀ ਫ਼ਿਲਮ ‘ਫੱਫੇ ਕੁੱਟਣੀਆਂ’ ‘ਚ ਲੀਡਿੰਗ ਭੂਮਿਕਾਵਾਂ ‘ਚ ਨਜ਼ਰ ਆਉਣਗੀਆਂ। ਫ਼ਿਲਮ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਅਦਾਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਜਿਸਨੂੰ ਦੇਖ ਕੇ ਫੈਨਜ਼ ਕਾਫ਼ੀ ਉਤਸ਼ਾਹਿਤ ਹਨ।
ਨੀਰੂ ਬਾਜਵਾ ਨੇ ਸ਼ੂਟਿੰਗ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਸਾਡੀ ਫ਼ਿਲਮ “ਫੱਫੇ ਕੁੱਟਣੀਆਂ’’ ਦਾ ਸ਼ੂਟ ਸ਼ੁਰੂ ਹੋ ਗਿਆ। ਬਾਬਾ ਜੀ ਮੇਹਰ ਕਰਨ…
ਵੀਡੀਓ ਦੇਖ ਕੇ ਫੈਨਜ਼ ਫ਼ਿਲਮ ਲਈ ਕਾਫ਼ੀ ਉਤਸ਼ਾਹਿਤ ਹਨ ਅਤੇ ਕਮੈਂਟ ਕਰਕੇ ਪਿਆਰ ਦੀ ਵਰਖਾ ਕਰ ਰਹੇ ਹਨ। ਦੱਸ ਦੇਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਸ੍ਰੀ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਗਈ ਹੈ। ‘ਬ੍ਰਦਰਹੁੱਡ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ ‘ਨੀਰੂ ਬਾਜਵਾ ਇੰਟਰਟੇਨਮੈਂਟ’ ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਨ ਜਗਦੀਪ ਸਿੱਧੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਪ੍ਰੇਮ ਸਿੱਧੂ ਸੰਭਾਲ ਰਹੇ ਹਨ।
ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ੀ ਪੱਖ ਸੰਦੀਪ ਪਾਟਿਲ ਸੰਭਾਲ ਰਹੇ ਹਨ, ਜੋ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਆਹਲਾ ਸਿਨੇਮਾਟੋਗ੍ਰਾਫ਼ਰਜ਼ ‘ਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਅਤੇ ਕਈ ਵੱਡੀਆਂ ਫ਼ਿਲਮਾਂ ਨੂੰ ਬਿਹਤਰੀਨ ਰੂਪ ਦੇਣ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਦੱਸ ਦੇਈਏ ਕਿ ਹਾਲ ਹੀ ਦੇ ਵਿੱਚ ‘ਸ਼ੁਕਰਾਨਾ’ ਫਿਲਮ 27 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਅਤੇ ਜੱਸ ਬਾਜਵਾ ਮੁੱਖ ਅਦਾਕਾਰ ਵਜੋਂ ਨਜ਼ਰ ਆਉਣਗੇ।