ਚੰਡੀਗੜ੍ਹ : ਇੱਥੇ ਇੰਡਸਟਰੀਅਲ ਏਰੀਆ ਸਥਿਤ ਸੈਂਟਰਾ ਮਾਲ ਦੇ ਬੀ ਕਲੱਬ 'ਚ ਦੋਸਤਾਂ ਨਾਲ ਪਾਰਟੀ ਕਰਨ ਗਏ ਕਾਰੋਬਾਰੀ 'ਤੇ 4 ਨੌਜਵਾਨਾਂ ਨੇ ਹਮਲਾ ਕਰਕੇ ਉਸ ਦਾ ਸਿਰ ਫਾੜ ਦਿੱਤਾ। ਜ਼ਖਮੀ ਤਨਿਸ਼ ਭੱਟ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਤਨਿਸ਼ ਨੂੰ ਜੀ. ਐੱਮ. ਸੀ. ਐੱਚ.-32 'ਚ ਦਾਖ਼ਲ ਕਰਵਾਇਆ। ਥਾਣਾ ਪੁਲਸ ਨੇ ਬਿਆਨ ਦਰਜ ਕਰਕੇ ਹਮਲਾ ਕਰਨ ਵਾਲੇ ਨਿਖ਼ਿਲ ਸਿੰਘ, ਮਨੀ, ਸੁਖਲ ਅਤੇ ਸੂਬੀ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਪਿੰਜੌਰ ਵਾਸੀ ਸ਼ਿਵਮ ਉਰਫ਼ ਸ਼ਿਬੂ, ਮਨਪ੍ਰੀਤ, ਪੰਚਕੂਲਾ ਵਾਸੀ ਸੁਖਵਿੰਦਰ ਅਤੇ ਮਨੀਮਾਜਰਾ ਵਾਸੀ ਅਭਿਸ਼ੇਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ੀਰਕਪੁਰ ਵਾਸੀ ਤਨਿਸ਼ ਭੱਟ ਉਰਫ਼ ਮੁਹੰਮਦ ਨਵਾਜ਼ ਸ਼ਰੀਫ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 25 ਨਵੰਬਰ ਨੂੰ ਉਹ ਦੋਸਤਾਂ ਨਾਲ ਪਾਰਟੀ ਕਰਨ ਲਈ ਸੈਂਟਰਾ ਮਾਲ 'ਚ ਬੀ-ਕਲੱਬ ਗਿਆ ਸੀ। ਮਾਲ ਦੀ ਗਰਾਊਂਡ ਫਲੌਰ 'ਤੇ ਨਿਖ਼ਿਲ ਨੇ ਦੋਸਤਾਂ ਮਣੀ, ਸੁਖੀ, ਸ਼ਿਬੂ ਨਾਲ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।
ਉਹ ਸਾਈਡ 'ਤੇ ਹੋ ਕੇ ਤੀਜੀ ਮੰਜ਼ਿਲ 'ਤੇ ਕਲੱਬ ਪਹੁੰਚ ਗਿਆ। ਕਲੱਬ ਦੇ ਅੰਦਰ ਨਿਖ਼ਿਲ ਅਤੇ ਉਸ ਦੇ ਦੋਸਤ ਵਾਰ-ਵਾਰ ਉਸ ਦੇ ਟੇਬਲ 'ਤੇ ਆ ਕੇ ਬੈਠਣ ਲੱਗੇ। ਵਿਰੋਧ ਕਰਨ 'ਤੇ ਤੇਜ਼ਧਾਰ ਚੀਜ਼ ਉਨ੍ਹਾਂ ਨੇ ਸਿਰ 'ਤੇ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ। ਨਿਖ਼ਿਲ ਨੇ ਕਿਹਾ ਕਿ ਉਹ ਪਹਿਲਾਂ ਹੀ ਜੇਲ੍ਹ ਜਾ ਚੁੱਕਾ ਹੈ ਅਤੇ ਪੁਲਸ ਜਾਂ ਅਦਾਲਤ ਦੀ ਪਰਵਾਹ ਉਸ ਨੂੰ ਨਹੀਂ ਹੈ।