ਚੰਡੀਗੜ੍ਹ : ਬੁੜੈਲ ਵਿਖੇ ਘਰ ਦਾ ਤਾਲਾ ਤੋੜ ਕੇ 3 ਲੱਖ ਰੁਪਏ ਤੇ ਕੀਮਤੀ ਸਾਮਾਨ ਚੋਰੀ ਹੋ ਗਿਆ। ਸ਼ਿਕਾਇਤਕਰਤਾ ਸਬੀਨਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਬੁੜੈਲ ਦੀ ਸਬੀਨਾ ਨੇ ਦੱਸਿਆ ਕਿ ਉਹ ਪਤੀ, ਭਰਾ ਤੇ ਭਾਬੀ ਨਾਲ ਪੁਲਸ ਥਾਣਾ-34 ’ਚ ਕਿਸੇ ਕੰਮ ਲਈ ਗਈ ਸੀ।
ਇਸ ਦੌਰਾਨ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਕੁੱਝ ਨੌਜਵਾਨ ਤੇ ਦੋ ਔਰਤਾਂ ਤਾਲੇ ਤੋੜ ਕੇ ਘਰ ’ਚ ਵੜ ਗਏ ਹਨ ਤੇ ਸਾਮਾਨ ਚੁੱਕ ਕੇ ਲੈ ਜਾ ਰਹੇ ਹਨ। ਸਬੀਨਾ ਜਦੋਂ ਘਰ ਪਹੁੰਚੀ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਸੀ। ਕਰੀਬ 3 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਗਾਇਬ ਸੀ। ਪੁਲਸ ਨੇ ਸਹਾਰਾ, ਸਨਾ ਤੇ ਹੋਰਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।