ਚੰਡੀਗੜ੍ਹ/ਜਲੰਧਰ : ਵਾਹਨ ਚਾਲਕਾਂ ਨੂੰ ਫਾਸਟੈਗ ਕਾਰਣ ਹੁਣ ਨਵੀਂਆਂ ਪ੍ਰੇਸ਼ਾਨੀਆਂ ਆਉਣ ਲੱਗੀਆਂ ਹਨ। ਆਪਣੇ ਆਪ ਫਾਸਟੈਗ ਫਰੀਜ਼ ਹੋ ਰਹੇ ਹਨ ਅਤੇ ਅਕਾਊਂਟ ਬਲੈਕ ਲਿਸਟ ਹੋ ਰਿਹਾ ਹੈ। ਇਸ ਦੇ ਚੱਲਦੇ ਵਾਹਨ ਚਾਲਕਾਂ ਨੂੰ ਡਬਲ ਟੋਲ ਦੇਣਾ ਪੈ ਰਿਹਾ ਹੈ। ਇਸ ਵਿਚ ਨਾ ਤਾਂ ਐੱਨ. ਐੱਚ. ਏ. ਆਈ. ਅਤੇ ਨਾ ਹੀ ਜਿਸ ਨੇ ਫਾਸਟੈਗ ਜਾਰੀ ਕੀਤਾ ਹੈ ਉਸ ਦੀ ਗਲਤੀ ਹੈ। ਇਹ ਗਲਤੀ ਕੰਪਨੀ ਦੀ ਹੈ, ਜਿਸ ਦਾ ਇਹ ਫਾਸਟੈਗ ਹੈ, ਜੋ ਵਾਹਨ ਚਾਲਕਾਂ ਦਾ ਫਾਸਟੈਗ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਬੰਦ ਕਰ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਇਸ ਦੇ ਨਾਲ ਕੁਝ ਵਾਹਨ ਚਾਲਕ ਆਪਣਾ ਫਾਸਟੈਗ ਉਦੋਂ ਰਿਚਾਰਜ ਕਰਵਾਉਂਦੇ ਹਨ ਜਦੋਂ ਉਨ੍ਹਾਂ ਨੇ ਟੋਲ ਤੋਂ ਲੰਘਣਾ ਹੁੰਦਾ ਹੈ ਤਾਂ ਵੀ ਉਨ੍ਹਾਂ ਨੂੰ ਬਲੈਕ ਲਿਸਟ ਦੀ ਦਿੱਕਤ ਆ ਰਹੀ ਹੈ ਪਰ ਫਾਸਟੈਗ ਫਰੀਜ਼ ਹੋਣ ਦੀ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸ ਦਾ ਹੱਲ ਕੰਪਨੀ ਕੇ. ਵਾਈ. ਸੀ. ਹੀ ਕੱਢ ਰਹੀ ਹੈ।
ਫਾਸਟੈਗ ਸਰਵਿਸ ਪ੍ਰੋਵਾਈਡਰ ਕੰਪਨੀ ਬਦਲ ਰਹੇ
ਇਥੋਂ ਦੀ ਇਕ ਫਾਸਟੈਗ ਕੰਪਨੀ ਦੇ ਮੁਲਾਜ਼ਮ ਨੇ ਦੱਸਿਆ ਕਿ ਇਸ ਤਰ੍ਹਾਂ ਰੋਜ਼ਾਨਾ 5 ਤੋਂ 10 ਗਾਹਕ ਆ ਰਹੇ ਹਨ। ਜਿਨ੍ਹਾਂ ਨੂੰ ਫਾਸਟੈਗ ਫਰੀਜ਼ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਵਾਹਨ ਚਾਲਕ ਕਿਸੇ ਹੋਰ ਕੰਪਨੀ ਦਾ ਫਾਸਟੈਗ ਲਗਵਾ ਰਹੇ ਹਨ ਕਿਉਂਕਿ ਬਾਕੀ ਕੰਪਨੀਆਂ ਲਾਈਫ ਟਾਈਮ ਲਈ ਕੇ. ਵਾਈ. ਸੀ. ਪ੍ਰਦਾਨ ਕਰਦੀਆਂ ਹਨ। ਜਿਸ ਕੰਪਨੀ ਦਾ ਫਾਸਟੈਗ ਲੋਕ ਬਦਲ ਰਹੇ ਹਨ, ਉਸ ਦੀ ਕੰਪਨੀ ਨਹੀਂ ਸੁਣ ਰਹੀ। ਉਂਝ ਇਕ ਸਾਲ ਬਾਅਦ ਕੇ. ਵਾਈ. ਸੀ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਡਰਾਈਵਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦਾ ਬੈਲੇਂਸ ਖ਼ਤਮ ਹੋ ਜਾਂਦਾ ਹੈ ਤਾਂ ਟੋਲ ਤੋਂ ਲੰਘਣ ਤੋਂ ਇਕ ਦਿਨ ਪਹਿਲਾਂ ਆਪਣਾ ਫਾਸਟੈਗ ਰੀਚਾਰਜ ਕਰ ਲੈਣ।
ਫਾਸਟੈਗ ਦਾ ਪੈਸਾ ਖ਼ਤਮ ਨਹੀਂ ਹੋਇਆ, ਫਿਰ ਵੀ ਬਲੈਕਲਿਸਟ
ਇਕ ਵਾਹਨ ਚਾਲਕ ਨੇ ਦੱਸਿਆ ਕਿ ਉਸ ਦਾ ਫਾਸਟੈਗ ਐੱਚ. ਡੀ. ਐੱਫ. ਸੀ. ਕੰਪਨੀ ਦਾ ਹੈ। ਉਸ ਨੇ ਕਦੇ ਵੀ ਆਪਣੇ ਫਾਸਟੈਗ 'ਚੋਂ ਪੈਸੇ ਖ਼ਤਮ ਨਹੀਂ ਹੋਣ ਦਿੱਤੇ ਪਰ ਜਦੋਂ ਉਹ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਿਆ ਤਾਂ ਉਸ ਦਾ ਫਾਸਟੈਗ ਬਲੈਕਲਿਸਟ ਹੋ ਗਿਆ ਜਦੋਂ ਕੰਪਨੀ ਦੇ ਕਰਮਚਾਰੀ ਦੇ ਖਾਤੇ ਵਿਚ ਹੈ। ਇਸ ਦੌਰਾਨ ਜਦੋਂ ਉਸ ਨੇ ਕੰਪਨੀ ਦੇ ਕਰਮਚਾਰੀ ਨੂੰ ਖਾਤੇ ਦੀ ਡਿਟੇਲ ਦਿਖਾਈ ਤਾਂ ਉਸ ਨੇ ਕਿਹਾ ਕਿ ਤੁਹਾਡਾ ਫਾਸਟੈਗ ਫਰੀਜ਼ ਕੀਤਾ ਗਿਆ ਹੈ, ਜਿਸ ਕਾਰਣ ਫਾਸਟੈਗ ਦੇ ਪੈਸੇ ਨਹੀਂ ਕੱਟ ਰਹੇ ਹਨ। ਕਾਫੀ ਬਹਿਸ ਤੋਂ ਬਾਅਦ ਉਸ ਨੇ ਡਬਲ ਟੋਲ ਦਿੱਤਾ। ਵਾਪਸੀ ਮੌਕੇ ਵੀ ਉਸ ਨੂੰ ਇਸ ਸਮੱਸਿਆ ਵਿਚ ਲੰਘਣਾ ਪਿਆ।