ਚੰਡੀਗੜ੍ਹ : ਪੰਜਾਬ ਦੇ ਥਾਣਿਆਂ ’ਚ ਅੱਤਵਾਦੀ ਹਮਲਿਆਂ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਸਾਰੇ ਥਾਣਿਆਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਗੇਟਾਂ ’ਤੇ ਰੇਤੇ ਦੀਆਂ ਬੋਰੀਆਂ ਲਾ ਕੇ ਸੰਤਰੀ ਲਈ ਵਿਸ਼ੇਸ਼ ਚੌਂਕੀਆਂ ਬਣਾਈਆਂ ਗਈਆਂ ਹਨ। ਥਾਣੇਦਾਰਾਂ ਵੱਲੋਂ ਰਾਤ ਸਮੇਂ ਹੋਰ ਚੌਕਸੀ ਵਰਤੀ ਜਾ ਰਹੀ ਹੈ। ਪੁਲਸ ਥਾਣੇ ਦੇ ਆਲੇ-ਦੁਆਲੇ ਘੁੰਮਦੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਥਾਣਿਆਂ ਦੇ ਆਲੇ-ਦੁਆਲੇ ਵਿਸ਼ੇਸ਼ ਨਾਕੇ ਲਾਏ ਜਾ ਰਹੇ ਹਨ।
ਪੰਜਾਬ ਦੇ ਵੱਖ-ਵੱਖ ਸੂਬਿਆਂ ’ਚ 25 ਦਿਨਾਂ ’ਚ ਥਾਣਿਆਂ ’ਤੇ 6 ਵੱਡੇ ਹਮਲੇ ਹੋ ਚੁੱਕੇ ਹਨ। ਅੱਤਵਾਦੀ ਬੰਬ ਸੁੱਟ ਕੇ ਹਮਲਾ ਕਰ ਰਹੇ ਹਨ। ਇਸ ਕਾਰਨ ਮੋਹਾਲੀ ਨਾਲ ਲੱਗਦੇ ਥਾਣਿਆਂ ’ਚ ਸੁਰੱਖਿਆ ਵਧਾਈ ਗਈ ਹੈ। ਰਾਤ ਨੂੰ ਥਾਣੇ ਦੇ ਆਲੇ-ਦੁਆਲੇ ਸਿਪਾਹੀ ਤਾਇਨਾਤ ਕਰ ਦਿੱਤੇ ਗਏ ਹਨ। ਸੀਨੀਅਰ ਅਧਿਕਾਰੀਆਂ ਵੱਲੋਂ ਸੰਤਰੀ ਤੋਂ ਇਲਾਵਾ ਹੋਰ ਮੁਲਾਜ਼ਮਾਂ ਨੂੰ ਡਿਊਟੀ ’ਤੇ ਬਣੇ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਦੇ ਜਵਾਨ ਆਪੋ-ਆਪਣੇ ਖੇਤਰਾਂ ’ਚ ਥਾਣੇ ਕੋਲ ਗਸ਼ਤ ਕਰਨਗੇ।
ਸੂਤਰਾਂ ਦੀ ਮੰਨੀਏ ਤਾਂ ਰਾਤ ਸਮੇਂ ਥਾਣੇ ਦੇ ਆਸ-ਪਾਸ ਦੋਪਹੀਆ ਵਾਹਨ ਚਾਲਕਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਆਈ. ਬੀ. ਤੇ ਐੱਨ. ਆਈ. ਏ. ਨੇ ਵੀ ਪੁਲਸ ਸਟੇਸ਼ਨ ’ਤੇ ਹਮਲੇ ਨੂੰ ਲੈ ਕੇ ਅਲਰਟ ਕੀਤਾ ਹੈ। ਪੰਜਾਬ ਪੁਲਸ ਦੀ ਮੁੱਢਲੀ ਜਾਂਚ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਹਮਲੇ ਪਿੱਛੇ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ. ਅਤੇ ਖ਼ਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.), ਖ਼ਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.), ਕੇ. ਜੈੱਡ. ਐੱਫ. ਅਤੇ ਹੋਰ ਜੱਥੇਬੰਦੀਆਂ ਦਾ ਹੱਥ ਹੈ।