ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਦੀ ਅੱਗ ਨੇ ਲਾਸ ਏਂਜਲਸ ਸ਼ਹਿਰ ਦੇ ਇੱਕ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਅੱਗ ਨਾਲ ਵੱਡੀ ਗਿਣਤੀ ਵਿੱਚ ਘਰ, ਸਕੂਲ ਅਤੇ ਧਾਰਮਿਕ ਸਥਾਨ ਤਬਾਹ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਗਿਣਤੀ ਵਧ ਸਕਦੀ ਹੈ। ਇਸ ਦੌਰਾਨ ਅੱਗ ਨਾਲ ਪ੍ਰਭਾਵਿਤ ਸ਼ਹਿਰ ਵਿੱਚ ਲੁੱਟ-ਖੋਹ ਸ਼ੁਰੂ ਹੋਣ ਦੀਆਂ ਰਿਪੋਰਟਾਂ ਹਨ।
ਖਾਲੀ ਘਰਾਂ ਨੂੰ ਲੁਟੇਰੇ ਬਣਾ ਰਹੇ ਨਿਸ਼ਾਨਾ
ਜਿਵੇਂ ਹੀ ਅੱਗ ਕਾਰਨ ਹਜ਼ਾਰਾਂ ਵਸਨੀਕਾਂ ਨੇ ਆਪਣੇ ਘਰ ਖਾਲੀ ਕੀਤੇ, ਉੱਧਰ ਲੁਟੇਰਿਆਂ ਨੇ ਖਾਲੀ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਲੁੱਟ-ਖਸੁੱਟ ਦੀਆਂ ਘਟਨਾਵਾਂ ਇੰਨੀਆਂ ਵਧ ਗਈਆਂ ਕਿ ਅਧਿਕਾਰੀਆਂ ਨੂੰ ਚਿਤਾਵਨੀ ਜਾਰੀ ਕਰਨੀ ਪਈ। LA ਕਾਉਂਟੀ ਸ਼ੈਰਿਫ਼ ਕੈਥਰੀਨ ਬਾਰਗਰ ਦੇ ਹਵਾਲੇ ਨਾਲ ਏ.ਐਫ.ਪੀ ਨੇ ਕਿਹਾ,"ਐਮਰਜੈਂਸੀ ਦੇ ਇਸ ਸਮੇਂ ਵਿੱਚ ਅਸੀਂ ਸਾਰਿਆਂ ਨੇ ਅਜਿਹੇ ਵਿਅਕਤੀਆਂ ਨੂੰ ਦੇਖਿਆ ਹੈ ਜੋ ਘਰਾਂ ਵਿੱਚ ਚੋਰੀ ਅਤੇ ਲੁੱਟ ਖੋਹ ਕਰਕੇ ਕਮਜ਼ੋਰ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਬਿਲਕੁਲ ਅਸਵੀਕਾਰਨਯੋਗ ਹੈ।"
ਅਧਿਕਾਰੀਆਂ ਨੇ ਦਿੱਤੀ ਚਿਤਾਵਨੀ
ਲੁਟੇਰਿਆਂ ਨੂੰ ਸੰਬੋਧਨ ਕਰਦਿਆਂ ਬਾਰਗਰ ਨੇ ਕਿਹਾ, “ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਸੰਕਟ ਦੇ ਇਸ ਸਮੇਂ ਵਿਚ ਸਾਡੇ ਵਸਨੀਕਾਂ ਨੂੰ ਸ਼ਿਕਾਰ ਬਣਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।'' ਬਾਰਗਰ ਨੇ ਕਿਹਾ ਕਿ ਪੁਲਸ ਨੇ ਹੁਣ ਤੱਕ 20 ਗ੍ਰਿਫ਼ਤਾਰੀਆਂ ਕੀਤੀਆਂ ਹਨ। ਲਗਭਗ 180,000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇ ਸਨੂੰ ਲਾਸ ਏਂਜਲਸ (LA) ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਅੱਗ ਦੱਸਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦੇ ਪੱਛਮੀ ਪਾਸੇ ਸੈਂਟਾ ਮੋਨਿਕਾ ਅਤੇ ਮਾਲੀਬੂ ਵਿਚਕਾਰ ਪੈਲੀਸੇਡਸ ਅੱਗ ਅਤੇ ਪਾਸਾਡੇਨਾ ਨੇੜੇ ਪੂਰਬ ਵੱਲ ਈਟਨ ਅੱਗ ਨੇ ਹੁਣ ਤੱਕ ਲਗਭਗ 28,000 ਏਕੜ ਦੇ ਖੇਤਰ ਨੂੰ ਸਾੜ ਦਿੱਤਾ ਹੈ ਅਤੇ ਬਹੁਤ ਸਾਰਾ ਖੇਤਰ ਸੁਆਹ ਕਰ ਦਿੱਤਾ ਹੈ।