ਚੰਡੀਗੜ੍ਹ/ਬਨੂੜ : ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐੱਫਡੀਡੀਆਈ) ਦੀ ਦੂਜੀ ਕਨਵੋਕੇਸ਼ਨ ਇਸਦੇ ਬਨੂੜ ਕੈਂਪਸ ਵਿਖੇ ਆਯੋਜਿਤ ਕੀਤੀ ਗਈ। ਐੱਫਡੀਡੀਆਈ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਸਥਾਪਿਤ ਰਾਸ਼ਟਰੀ ਮਹੱਤਵ ਵਾਲਾ ਇੱਕ ਸੰਸਥਾਨ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ, ਸੰਸਥਾ ਦੇ ਪ੍ਰਬੰਧ ਸਕੱਤਰ ਕਰਨਲ ਪੰਕਜ ਸਿਨਹਾ ਅਤੇ ਸੰਸਥਾ ਦੀ ਕਾਰਜਕਾਰੀ ਨਿਦੇਸ਼ਕ ਮਿਸ ਪ੍ਰਗਿਆ ਸਿੰਘ ਨੇ ਸ਼ਮ੍ਹਾ ਰੌਸ਼ਨ ਕਰਕੇ ਅਤੇ ਰਾਸ਼ਟਰੀ ਗਾਣ ਨਾਲ ਕੀਤੀ।
ਇਸ ਮੌਕੇ 'ਤੇ, ਮਾਣਯੋਗ ਰਾਜਪਾਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਰਾਜਪਾਲ ਨੇ ਕਿਹਾ ਕਿ ਸਿੱਖਿਆ ਨੂੰ ਹੁਨਰ ਨਾਲ ਜੋੜ ਕੇ, ਦੇਸ਼ ਦੀਆਂ ਜ਼ਰੂਰਤਾਂ ਅਨੁਸਾਰ ਮਨੁੱਖੀ ਸਰੋਤ ਪੈਦਾ ਕੀਤੇ ਜਾ ਰਹੇ ਹਨ। ਜਿਸ ਨਾਲ ਬੇਰੁਜ਼ਗਾਰੀ ਘਟੇਗੀ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇਸ਼ ਭਰ ਵਿੱਚ 12 ਸੰਸਥਾਵਾਂ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇਹ ਇੱਕ ਹੈ।
ਵਿਕਸਿਤ ਭਾਰਤ ਦੇ ਟੀਚੇ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਟੀਚਾ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਦੇਸ਼ ਦਾ ਹਰ ਨਾਗਰਿਕ ਯਤਨ ਕਰੇ। ਉਨ੍ਹਾਂ ਕਿਹਾ ਕਿ ਇਹ ਹਰੇਕ ਨਾਗਰਿਕ ਦੀ ਮਿਹਨਤ ਅਤੇ ਯਤਨ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕੋਸ਼ਿਸ਼ ਕਰਦੇ ਰਹਿਣ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦੇਣਾ ਇਸਦੇ ਅਧਿਆਪਕਾਂ ਲਈ ਇੱਕ ਸੱਚਾ ਸਨਮਾਨ ਹੋਵੇਗਾ। ਰਾਜਪਾਲ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਦੁੱਖ ਝੱਲ ਕੇ ਚੰਗੀ ਜ਼ਿੰਦਗੀ ਦਿੰਦੇ ਹਨ, ਹਰ ਕਿਸੇ ਨੂੰ ਆਪਣੇ ਮਾਪਿਆਂ ਦਾ ਰਿਣੀ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਿਹਨਤ ਨੂੰ ਯਾਦ ਰੱਖਣਾ ਚਾਹੀਦਾ ਹੈ। ਰਾਜਪਾਲ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਦੂਜੇ ਪੜਾਅ ਵਿੱਚ ਸਮਝਦਾਰੀ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ।
ਇਸ ਮੌਕੇ 'ਤੇ, ਸੰਸਥਾ ਦੇ ਸਕੱਤਰ ਕਰਨਲ ਪੰਕਜ ਸਿਨਹਾ ਨੇ ਬਨੂੜ ਕੈਂਪਸ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਵਿੱਚ ਫੁੱਟਵੀਅਰ ਉਦਯੋਗ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਸ ਉਦਯੋਗ ਨੇ ਰੋਜ਼ਗਾਰ ਅਤੇ ਨਿਰਯਾਤ ਵਿੱਚ ਯੋਗਦਾਨ ਪਾਇਆ ਹੈ। ਮੇਕ ਇਨ ਇੰਡੀਆ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਦੇਸ਼ ਦੀ ਲੀਡਰਸ਼ਿਪ ਨੇ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕੀਤਾ ਹੈ ਜੋ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੀਆਂ ਹਨ।
ਸੰਸਥਾ ਦੀ ਕਾਰਜਕਾਰੀ ਨਿਦੇਸ਼ਕ ਪ੍ਰਗਿਆ ਸਿੰਘ ਨੇ ਕਿਹਾ ਕਿ ਐੱਫਡੀਡੀਆਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ 'ਤੇ ਪ੍ਰਚੂਨ ਅਤੇ ਫੈਸ਼ਨ ਵਪਾਰ, ਫੁੱਟਵੀਅਰ ਡਿਜ਼ਾਈਨ, ਫੈਸ਼ਨ ਡਿਜ਼ਾਈਨ ਅਤੇ ਚਮੜੇ ਅਤੇ ਜੀਵਨ ਸ਼ੈਲੀ ਉਤਪਾਦ ਡਿਜ਼ਾਈਨ ਦੇ ਖੇਤਰ ਵਿੱਚ ਰੋਜ਼ਗਾਰ ਮੁਖੀ ਕਿੱਤਾਮੁਖੀ ਕੋਰਸ ਪੇਸ਼ ਕਰਦਾ ਹੈ। ਐੱਫਡੀਡੀਆਈ ਤੋਂ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀ ਬਹੁ-ਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਵਿੱਚ ਚੰਗੇ ਪੈਕੇਜਾਂ 'ਤੇ ਨੌਕਰੀ ਪ੍ਰਾਪਤ ਕਰ ਰਹੇ ਹਨ।
ਇਸ ਮੌਕੇ 'ਤੇ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਜਗਤ ਵਿੱਚ ਸਫਲਤਾ ਦੀ ਕਾਮਨਾ ਕੀਤੀ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੰਸਥਾ ਦੇ ਸਾਰੇ ਵਿਭਾਗਾਂ - ਰਿਟੇਲ ਅਤੇ ਫੈਸ਼ਨ ਮਰਚੈਂਡਾਈਜ਼, ਫੁੱਟਵੀਅਰ ਡਿਜ਼ਾਈਨ, ਫੈਸ਼ਨ ਡਿਜ਼ਾਈਨ ਅਤੇ ਚਮੜਾ ਅਤੇ ਜੀਵਨ ਸ਼ੈਲੀ ਉਤਪਾਦ ਡਿਜ਼ਾਈਨ - ਦੇ 2023 ਅਤੇ 2024 ਬੈਚ ਦੇ 128 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਕ੍ਰਮ ਵਿੱਚ, ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਗਮੇ ਦਿੱਤੇ ਗਏ। 2023 ਬੈਚ ਦੀ ਅਕਾਂਕਸ਼ਾ ਗੁਪਤਾ ਅਤੇ ਰਿਸ਼ੀਤਾ ਲਾਡੀਵਾਲ ਅਤੇ 2024 ਬੈਚ ਦੀ ਦਿਵਪ੍ਰਿਯਾ ਅਤੇ ਸਤੁਤੀ ਪੰਤ ਨੂੰ ਕ੍ਰਮਵਾਰ ਪੋਸਟ ਗ੍ਰੈਜੂਏਟ ਅਤੇ ਅੰਡਰਗ੍ਰੈਜੁਏਟ ਸ਼੍ਰੇਣੀਆਂ ਵਿੱਚ ਸੋਨੇ ਦੇ ਤਗਮੇ ਦਿੱਤੇ ਗਏ।
ਇਸੇ ਤਰ੍ਹਾਂ, ਫੁੱਟਵੀਅਰ ਟੈਕਨੋਲੋਜੀ ਵਿਭਾਗ ਦੇ 2023 ਬੈਚ ਤੋਂ ਏਕਜੋਤ ਕੌਰ, ਚਮੜਾ ਅਤੇ ਜੀਵਨ ਸ਼ੈਲੀ ਉਤਪਾਦ ਡਿਜ਼ਾਈਨ ਵਿਭਾਗ ਤੋਂ ਸ੍ਰਿਸ਼ਟੀ ਮਿੱਤਲ ਅਤੇ ਫੁੱਟਵੀਅਰ ਟੈਕਨੋਲੋਜੀ ਵਿਭਾਗ ਦੇ 2024 ਬੈਚ ਤੋਂ ਓਜਲ ਗਰਗ ਨੂੰ ਚਾਂਦੀ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਵਿਭਾਗ ਮੁਖੀ ਮੌਜੂਦ ਸਨ।