ਸੈਨ ਫਰਾਂਸਿਸਕੋ ਸੰਘੀ ਅਦਾਲਤ ਵਿੱਚ ਮੁੱਖ ਜੱਜ ਰਿਚਰਡ ਸੀਬਰਗ ਨੇ ਗੂਗਲ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਸਨੇ ਯੂਜ਼ਰਜ਼ ਦੁਆਰਾ ਦਾਇਰ ਪ੍ਰਾਈਵੇਸੀ ਕਲਾਸ ਐਕਸ਼ਨ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਗੂਗਲ ਨੇ ਯੂਜ਼ਰਜ਼ ਦਾ ਡੇਟਾ ਇਕੱਠਾ ਕਰਨਾ ਜਾਰੀ ਰੱਖਿਆ ਭਾਵੇਂ ਕਿ ਉਨ੍ਹਾਂ ਨੇ ਟਰੈਕਿੰਗ ਬਟਨ ਨੂੰ ਬੰਦ ਕਰ ਦਿੱਤਾ ਸੀ। ਇਸ ਫੈਸਲੇ ਨਾਲ 18 ਅਗਸਤ ਨੂੰ ਸੰਭਾਵਿਤ ਮੁਕੱਦਮੇ ਦਾ ਰਾਹ ਸਾਫ਼ ਹੋ ਗਿਆ ਹੈ।
ਇਹ ਹਨ ਦੋਸ਼
ਯੂਜ਼ਰਜ਼ ਨੇ ਦੋਸ਼ ਲਗਾਇਆ ਹੈ ਕਿ ਗੂਗਲ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਮੋਬਾਈਲ ਡਿਵਾਈਸਾਂ ਤੋਂ ਨਿੱਜੀ ਬ੍ਰਾਊਜ਼ਿੰਗ ਹਿਸਟਰੀ ਰਿਕਾਰਡ ਕਰਦਾ ਹੈ। ਗੂਗਲ 'ਤੇ ਕੈਲੀਫੋਰਨੀਆ ਦੇ ਅਣਅਧਿਕਾਰਤ ਧੋਖਾਧੜੀ ਵਾਲੇ ਕੰਪਿਊਟਰ ਪਹੁੰਚ ਕਾਨੂੰਨ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ।
ਅਦਾਲਤ ਨੇ ਕਿਹਾ ਕਿ ਗੂਗਲ ਦਾ ਬਟਨ ਅਤੇ ਉਸ ਦੀਆਂ ਸੈਟਿੰਗਾਂ ਬਾਰੇ ਯੂਜ਼ਰਜ਼ ਨੂੰ ਦਿੱਤੀ ਗਈ ਜਾਣਕਾਰੀ ਅਸਪਸ਼ਟ ਅਤੇ ਗੁੰਮਰਾਹਕੁੰਨ ਸੀ। ਗੂਗਲ ਦਾ ਇਹ ਰਵੱਈਆ ਯੂਜ਼ਰਜ਼ ਲਈ "ਬਹੁਤ ਹੀ ਅਪਮਾਨਜਨਕ" ਹੋ ਸਕਦਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗੂਗਲ ਨੇ ਜਾਣਬੁੱਝ ਕੇ ਇਹ ਸਪੱਸ਼ਟ ਨਹੀਂ ਕੀਤਾ ਕਿ ਡੇਟਾ ਕਿਵੇਂ ਸਟੋਰ ਕੀਤਾ ਜਾ ਰਿਹਾ ਸੀ ਕਿਉਂਕਿ ਯੂਜ਼ਰਜ਼ ਸੱਚਾਈ ਜਾਣਨ 'ਤੇ ਉਹ "ਚਿੰਤਤ" ਹੋ ਸਕਦੇ ਸਨ।
ਗੂਗਲ ਦੀਆਂ ਦਲੀਲਾਂ
ਗੂਗਲ ਨੇ ਅਦਾਲਤ 'ਚ ਕਿਹਾ ਕਿ ਉਸ ਦੀਆਂ ਸੇਵਾਵਾਂ 'ਚ ਪ੍ਰਾਈਵੇਸੀ ਕੰਟਰੋਲ ਪਹਿਲਾਂ ਤੋਂ ਮੌਜੂਦ ਹਨ। ਯੂਜ਼ਰਜ਼ ਨੇ ਉਸ ਦੀਆਂ ਸ਼ਰਤਾਂ ਨੂੰ ਸਵਿਕਾਰ ਕੀਤਾ ਸੀ। ਉਸ ਦਾ ਰਿਕਾਰਡ ਰੱਖਣ ਦਾ ਤਰੀਕਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਦੱਸ ਦੇਈਏ ਕਿ ਅਗਸਤ 2022 'ਚ ਸੈਨ ਫਰਾਂਸਿਸਕੋ ਦੀ ਸੰਘੀ ਅਪੀਲ ਅਦਾਲਤ ਨੇ ਇਕ ਹੋਰ ਮਾਮਲੇ 'ਚ ਦੋਸ਼ ਲਗਾਇਆ ਕਿ ਗੂਗਲ ਨੇ ਕ੍ਰੋਮ ਬ੍ਰਾਊਜ਼ਰ ਯੂਜ਼ਰਜ਼ ਨੂੰ ਉਨ੍ਹਾਂ ਦੀ ਮਨਜ਼ੂਰੀ ਦੇ ਬਿਨਾਂ ਟ੍ਰੈਕ ਕੀਤਾ। ਅਪ੍ਰੈਲ 2022 'ਚ ਗੂਗਲ ਨੇ "Incognito" ਮੋਡ 'ਚ ਬ੍ਰਾਊਜ਼ਿੰਗ ਕਰਨ ਵਾਲਿਆਂ ਨੂੰ ਟ੍ਰੈਕ ਕਰਨ ਦੇ ਮਾਮਲੇ 'ਚ 5 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਵੀ ਦਿੱਤਾ।