ਮੁੰਬਈ : ਸ਼ਿਵ ਸੈਨਾ (ਉਬਾਠਾ) ਨੇਤਾ ਸੰਜੇ ਰਾਊਤ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਅਤੇ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਸੀਨੀਅਰ ਨੇਤਾ ਆਖ਼ਰੀ ਸਮੇਂ ਤੱਕ ਵਕਫ਼ ਸੋਧ ਬਿੱਲ ਪਾਸ ਕਰਵਾਉਣ ਲਈ ਸਮਰਥਨ ਮੰਗਣ ਲਈ ਉਨ੍ਹਾਂ ਦੀ ਪਾਰਟੀ ਦੇ ਸੰਪਰਕ 'ਚ ਸਨ। ਰਾਊਤ ਨੇ ਦੋਸ਼ ਲਗਾਇਆ ਕਿ ਸਰਕਾਰ ਇਹ ਬਿੱਲ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਢਾਂਚੇ 'ਚ ਲਿਆਉਣ ਅਤੇ ਭਾਜਪਾ ਦੇ ਮਨਪਸੰਦ ਉਦਯੋਗਪਤੀਆਂ ਲਈ 2 ਲੱਖ ਕਰੋੜ ਰੁਪਏ ਦੀ ਜ਼ਮੀਨ ਹੜਪਣ ਲਈ ਲਿਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੂ ਜਨਤਾ ਦਲ (ਬੀਜਦ) 'ਤੇ ਲੋਕ ਸਭਾ 'ਚ ਬਿੱਲ ਦਾ ਸਮਰਥਨ ਕਰਨ ਲਈ ਆਖ਼ਰੀ ਸਮੇਂ ਤੱਕ ਦਬਾਅ ਪਾਇਆ ਸੀ।
ਹਾਲਾਂਕਿ ਬੀਜਦ ਨੇ ਬਿੱਲ ਦਾ ਵਿਰੋਧ ਕੀਤਾ ਪਰ ਉਸ ਨੇ ਆਪਣੇ ਮੈਂਬਰਾਂ ਨੂੰ ਕੋਈ ਵਹਿਪ ਜਾਰੀ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਕਰਨ ਲਈ ਕਿਹਾ। ਰਾਜ ਸਭਾ ਮੈਂਬਰ ਨੇ ਕਿਹਾ,''ਉਨ੍ਹਾਂ ਨੇ ਸਾਡੇ ਨਾਲ ਵੀ ਅਜਿਹਾ ਹੀ ਕੀਤਾ ਪਰ ਅਸੀਂ ਸਹਿਮਤ ਨਹੀਂ ਹੋਏ। ਆਖ਼ਰੀ ਸਮੇਂ ਤੱਕ ਮਹਾਰਾਸ਼ਟਰ ਅਤੇ ਦਿੱਲੀ ਦੇ ਸੀਨੀਅਰ ਭਾਜਪਾ ਨੇਤਾ ਸ਼ਿਵ ਸੈਨਾ ਦੇ ਸੰਪਰਕ 'ਚ ਸਨ।'' ਬਿੱਲ ਨੂੰ ਭਾਰੀ ਬਹੁਮਤ ਨਾਲ ਪਾਸ ਨਹੀਂ ਕੀਤਾ ਗਿਆ ਅਤੇ ਸਰਕਾਰ ਨੂੰ 300 ਵੋਟ ਵੀ ਨਹੀਂ ਮਿਲੇ। ਰਾਊਤ ਨੇ ਕਿਹਾ,''ਸਾਡੇ (ਵਿਰੋਧੀ ਧਿਰ ਦੇ) ਮੈਂਬਰਾਂ ਦੀ ਗਿਣਤੀ ਵਧ ਸਕਦੀ ਸੀ ਪਰ ਸਾਡੇ ਕੁਝ ਮੈਂਬਰ ਮੌਜੂਦ ਨਹੀਂ ਸਨ ਜਾਂ ਬੀਮਾਰ ਸਨ।''