ਪ੍ਰਯਾਗਰਾਜ 'ਚ ਸਫ਼ਲਤਾਪੂਰਵਕ ਸੰਪੰਨ ਹੋਏ ਮਹਾਂਕੁੰਭ ਦਾ ਖ਼ੁਮਾਰ ਭਾਰਤ ਹੀ ਨਹੀਂ, ਪੂਰੀ ਦੁਨੀਆ ਦੇ ਸ਼ਰਧਾਲੂਆਂ ਦੇ ਸਿਰ ਚੜ੍ਹ ਬੋਲਿਆ। ਹੁਣ ਜਦੋਂ ਮਹਾਂਕੁੰਭ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਦੇਸ਼-ਵਿਦੇਸ਼ 'ਚ ਵਸੇ ਲੋਕਾਂ 'ਚ ਤ੍ਰਿਵੇਣੀ ਦੇ ਪਵਿੱਤਰ ਜਲ ਦੀ ਮੰਗ ਵਧਦੀ ਜਾ ਰਹੀ ਹੈ।
ਇਸੇ ਮੰਗ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਬੋਤਲਾਂ 'ਚ ਭਰ ਕੇ ਪਵਿੱਤਰ ਜਲ ਨੂੰ ਵਿਦੇਸ਼ ਭੇਜਣ ਦੀ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਜਲ ਦੀਆਂ 1,000 ਬੋਤਲਾਂ ਜਰਮਨੀ ਦੇ ਸ਼ਰਧਾਲੂਆਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਪ੍ਰਯਾਗਰਾਜ 'ਚ ਮਹਾਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ 26 ਫਰਵਰੀ ਨੂੰ ਸੰਪੰਨ ਹੋਇਆ ਸੀ। ਇਸ ਦੌਰਾਨ ਕਰੀਬ 66 ਕਰੋੜ ਸ਼ਰਧਾਲੂਆਂ ਨੇ ਤ੍ਰਿਵੇਣੀ ਸੰਗਮ 'ਚ ਡੁਬਕੀ ਲਗਾਈ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਤੋਂ ਬਾਅਦ ਹੁਣ ਵਿਦੇਸ਼ੀ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਪਵਿੱਤਰ ਜਲ ਨੂੰ ਵਿਦੇਸ਼ਾਂ 'ਚ ਵੀ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ 1000 ਬੋਤਲਾਂ ਦੀ ਪਹਿਲੀ ਖੇਪ ਜਰਮਨੀ ਪਹੁੰਚਾ ਦਿੱਤੀ ਗਈ ਹੈ।
ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਦੇਸ਼ 'ਚ ਭੇਜੀਆਂ ਗਈਆਂ ਬੋਤਲਾਂ 'ਚ 500 ਮਿਲੀਲੀਟਰ, ਜਦਕਿ ਵਿਦੇਸ਼ ਭੇਜੀਆਂ ਜਾ ਰਹੀਆਂ ਬੋਤਲਾਂ 'ਚ 250 ਮਿਲੀਲੀਟਰ ਜਲ ਭਰਿਆ ਗਿਆ ਹੈ। ਇਸ ਸਪਲਾਈ 'ਚ ਸੂਬੇ ਦਾ ਫਾਇਰ ਵਿਭਾਗ ਵੀ ਸਮਰਥਨ ਦੇ ਰਿਹਾ ਹੈ, ਜਿਸ ਨਾਲ ਸੂਬੇ ਦੇ ਸਾਰੇ 75 ਜ਼ਿਲ੍ਹਿਆਂ 'ਚ ਪਵਿੱਤਰ ਜਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।