ਅਯੁੱਧਿਆ : ਰਾਮ ਨੌਮੀ ਦੇ ਆਯੋਜਨ ਨੂੰ ਲੈ ਕੇ ਅਯੁੱਧਿਆ ਵਿਚ ਸੁਰੱਖਿਆ ਅਤੇ ਆਵਾਜਾਈ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਰਾਮ ਨੌਮੀ ਐਤਵਾਰ ਨੂੰ ਮਨਾਈ ਜਾਵੇਗੀ। ਅਯੁੱਧਿਆ ਰੇਂਜ ਦੇ ਇੰਸਪੈਕਟਰ ਜਨਰਲ (ਆਈ.ਜੀ) ਪ੍ਰਵੀਨ ਕੁਮਾਰ ਨੇ ਕਿਹਾ ਕਿ ਅਯੁੱਧਿਆ ਨੂੰ ਵੱਖ-ਵੱਖ ਜ਼ੋਨਾਂ ਅਤੇ ਸੈਕਟਰਾਂ 'ਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਨੂੰ ਪੂਰਵਾਂਚਲ ਐਕਸਪ੍ਰੈਸ ਵੇਅ ਰਾਹੀਂ ਭੇਜਿਆ ਜਾਵੇਗਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮਹਾਕੁੰਭ ਵਾਂਗ ਇਸ ਦੇ ਵੀ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਨਾਲ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਸਰਯੂ ਨਦੀ ਦੇ ਆਲੇ-ਦੁਆਲੇ ਜਲ ਪੁਲਿਸ, NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਅਤੇ SDRF (ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ) ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸਾਰੇ ਵਿਸ਼ੇਸ਼ ਪਾਸ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਰੱਦ ਕਰ ਦਿੱਤੇ ਜਾਣਗੇ ਅਤੇ ਆਮ ਸ਼ਰਧਾਲੂਆਂ ਨੂੰ ਪਹਿਲ ਦਿੱਤੀ ਜਾਵੇਗੀ।
ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਗੌਰਵ ਦਿਆਲ ਨੇ ਦੱਸਿਆ ਕਿ ਰਾਮ ਨੌਮੀ ਮੌਕੇ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ ਲਈ ਰਾਮ ਮੰਦਰ ਅਤੇ ਹਨੂੰਮਾਨਗੜ੍ਹੀ ਸਮੇਤ ਪ੍ਰਮੁੱਖ ਥਾਵਾਂ 'ਤੇ ਛਾਂ ਅਤੇ ਮੈਟ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਪ੍ਰਮੁੱਖ ਥਾਵਾਂ 'ਤੇ ਪੀਣ ਵਾਲਾ ਠੰਡਾ ਪਾਣੀ ਉਪਲਬਧ ਹੋਵੇਗਾ।