ਭਾਰਤੀ ਐਥਲੀਟ ਮਹਾਸੰਘ (ਏ.ਐੱਫ.ਆਈ.) ਨੇ 2025 ਸੀਜ਼ਨ ਦੀ ਪਹਿਲੀ ਰਾਸ਼ਟਰੀ ਚੈਂਪੀਅਨਸ਼ਿਪ ਫੈਡਰੇਸ਼ਨ ਕੱਪ ‘ਚ ਹਿੱਸਾ ਲੈਣ ਲਈ ਐਥਲੀਟਾਂ ਵਾਸਤੇ ਘੱਟੋ-ਘੱਟ ਇੱਕ ਖੇਤਰੀ ਪ੍ਰਤੀਯੋਗਿਤਾ ਜਾਂ ਗ੍ਰਾਂ. ਪ੍ਰੀ. ਵਰਗੀ ਦੇਸ਼-ਵਿਆਪੀ ਇੱਕ ਦਿਨਾ ਪ੍ਰਤੀਯੋਗਿਤਾ ‘ਚ ਹਿੱਸਾ ਲੈਣਾ ਜ਼ਰੂਰੀ ਕਰ ਦਿੱਤਾ ਹੈ।
ਇਸ ਤਰ੍ਹਾਂ ਇਹ ਪੱਕਾ ਕਰਨ ਲਈ ਕੀਤਾ ਜਾ ਰਿਹਾ ਹੈ ਕਿ ਐਥਲੀਟ ਪੂਰੀ ਤਿਆਰੀ ਨਾਲ ਆਉਣ ਜਾਂ ਉਨ੍ਹਾਂ ਦੇ ਪ੍ਰਦਰਸ਼ਨ ‘ਚ ਨਿਰੰਤਰਤਾ ਹੋਵੇ, ਕਿਉਂਕਿ 27-31 ਮਈ ਤੱਕ ਕੋਰੀਆ ‘ਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਚੋਣ ਫੈਡਰੇਸ਼ਨ ਕੱਪ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਵੇਗੀ, ਜਿਸ ਦਾ ਆਯੋਜਨ 21-24 ਅਪ੍ਰੈਲ ਤੱਕ ਕੇਰਲ ਦੇ ਕੋਚੀ ‘ਚ ਕੀਤਾ ਜਾਵੇਗਾ।
ਹਾਲਾਂਕਿ ਏ.ਐੱਫ.ਆਈ. ਵੱਲੋਂ ਟ੍ਰੇਨਿੰਗ ਲਈ ਵਿਦੇਸ਼ ਭੇਜੇ ਗਏ ਦੋਹਰੇ ਓਲੰਪਿਕ ਤਮਗਾ ਜੇਤੂ ਭਾਲਾ ਸੁੱਟ ਖਿਡਾਰੀ ਨੀਰਜ ਚੋਪੜਾ ਵਰਗੇ ਖਿਡਾਰੀਆਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਜਾਵੇਗੀ।