ਇਕ ਇੰਟਰਵਿਊ ਦੌਰਾਨ 'ਏਪੈਕ' ਦੇ ਸੀ.ਈ.ਓ. ਨਿਹਾਤ ਏਰਕਨ ਨੇ ਅਨੁਮਾਨ ਜਤਾਇਆ ਕਿ ਸਾਲ 2028 ਤੱਕ ਭਾਰਤ ਦੇ ਹਾਸਪਿਟੈਲਿਟੀ ਸੈਕਟਰ (ਪ੍ਰਾਹੁਣਾਚਾਰੀ) 'ਚ 1 ਬਿਲੀਅਨ ਡਾਲਰ ਤੱਕ ਦਾ ਨਿਵੇਸ਼ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਏਪੈਕ ਨੇ 12.2 ਬਿਲੀਅਨ ਡਾਲਰ ਦੇ ਹੋਟਲ ਟ੍ਰਾਂਜ਼ੈਕਸ਼ਨ ਦੇਖੇ, ਜਿਨ੍ਹਾਂ 'ਚੋਂ 40 ਫ਼ੀਸਦੀ ਤੋਂ ਵੀ ਵੱਧ ਇਕੱਲੇ ਜਾਪਾਨ ਤੋਂ ਆਏ।
ਉਨ੍ਹਾਂ ਅੱਗੇ ਕਿਹਾ ਕਿ ਸਾਲ 2025 ਦੀ ਪਹਿਲੀ ਤਿਮਾਹੀ ਦੌਰਾਨ ਭਾਰਤੀ ਹੋਟਲਾਂ 'ਚ 117 ਮਿਲੀਅਨ ਡਾਲਕ ਤੱਕ ਦੇ ਟ੍ਰਾਂਜ਼ੈਕਸ਼ਨ ਦੇਖੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਚੱਲ ਰਹੀਆਂ ਕੁਝ ਵਿਕਾਸ ਗਤੀਵਿਧੀਆਂ ਦੇ ਨਤੀਜੇ ਵਜੋਂ ਕੈਪੀਟਲ ਰੀਸਾਈਕਲਿੰਗ, ਪੁਨਰਵਿੱਤ, ਜਾਂ ਪੁਨਰਪੂੰਜੀਕਰਨ ਪਹਿਲਕਦਮੀਆਂ ਹੋਣ ਦੀ ਉਮੀਦ ਹੈ।
ਏਰਕਨ ਨੇ ਕਿਹਾ ਕਿ ਵਿਸ਼ਾਲ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ ਨਿਵੇਸ਼ਕਾਂ ਦੀ ਕਾਫ਼ੀ ਮੰਗ ਬਣੀ ਹੋਈ ਹੈ ਅਤੇ ਸੈਕਟਰ ਦੇ ਵਿਕਾਸ ਨੂੰ ਦੇਖਦੇ ਹੋਏ ਇਸ ਸੈਕਟਰ ਨੂੰ ਪਹਿਲੀ ਵਾਰ ਖਰੀਦਦਾਰ ਮਿਲਣਗੇ। ਵਧੇਰੇ ਰੀਅਲ ਅਸਟੇਟ ਮਾਲਕ ਰਵਾਇਤੀ ਵਪਾਰਕ ਰੀਅਲ ਅਸਟੇਟ ਤੋਂ ਹਾਸਪਿਟਾਲਿਟੀ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੱਡੀ ਚੁਣੌਤੀ ਭਾਰਤ ਵਿੱਚ ਖਰੀਦਦਾਰੀ ਲਈ ਉਤਪਾਦਾਂ ਦੀ ਉਪਲੱਬਧਤਾ ਹੈ, ਪਰ ਇਹ ਗਤੀਸ਼ੀਲਤਾ ਹੋਰ ਹੋਟਲਾਂ ਦੇ ਵਿਕਾਸ ਦੇ ਨਾਲ ਬਦਲ ਜਾਵੇਗੀ।
ਇਸ ਤੋਂ ਬਾਅਦ ਜੇ.ਐੱਲ.ਐੱਲ. ਵਿਖੇ ਈ.ਐੱਮ.ਈ.ਏ. ਹੋਟਲ ਅਤੇ ਹਾਸਪਿਟੈਲਿਟੀ-ਕੈਪੀਟਲ ਮਾਰਕਿਟ ਦੇ ਮੁਖੀ ਵਿਲ ਡਫੀ ਨੇ ਕਿਹਾ ਕਿ ਹੋਰ ਭਾਰਤੀ ਨਿਵੇਸ਼ਕ ਅਤੇ ਪਰਿਵਾਰਕ ਦਫਤਰ ਵੀ ਯੂ.ਕੇ. ਵਰਗੇ ਬਾਜ਼ਾਰਾਂ ਵਿੱਚ ਨਿਵੇਸ਼ ਕਰਨ ਵੱਲ ਦੇਖ ਰਹੇ ਹਨ। ਪਿਛਲੇ ਇੱਕ ਸਾਲ ਦੌਰਾਨ ਯੂ.ਕੇ. ਵਿੱਚ ਭਾਰਤੀ ਪੂੰਜੀ ਦੇ ਜਾਣ ਦੀਆਂ ਮਹੱਤਵਪੂਰਨ ਉਦਾਹਰਣਾਂ ਹਨ। ਪਿਛਲੇ ਸਾਲ ਲੈਣ-ਦੇਣ ਗਤੀਵਿਧੀ ਦੇ ਮਾਮਲੇ ਵਿੱਚ ਯੂ.ਕੇ. ਯੂਰਪ ਵਿੱਚ ਸਭ ਤੋਂ ਵੱਧ ਪ੍ਰਦਰਸ਼ਨ ਕਰਨ ਵਾਲਾ ਬਾਜ਼ਾਰ ਸੀ, ਉਸ ਤੋਂ ਬਾਅਦ ਸਪੇਨ, ਫਰਾਂਸ ਅਤੇ ਇਟਲੀ ਸਨ।