ਚੰਡੀਗੜ੍ਹ : ਪ੍ਰਤਾਪ ਸਿੰਘ ਬਾਜਵਾ ਇਕ ਵਾਰ ਫ਼ਿਰ ਆਪਣੇ ਬਿਆਨ ਕਾਰਨ ਬੁਰੀ ਤਰ੍ਹਾਂ ਫੱਸ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਵਿਚ ਪੁਲਸ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ Live ਆ ਕੇ ਵੱਡੀਆਂ ਗੱਲਾਂ ਵੀ ਆਖ਼ੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਹੈ ਕਿ 50 ਬੰਬ ਪੰਜਾਬ ਵਿਚ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚੋਂ 18 ਬੰਬ ਫੱਟ ਗਏ ਅਤੇ 32 ਹੋਰ ਬੰਬ ਫੱਟਣੇ ਅਜੇ ਬਾਕੀ ਹਨ। CM ਮਾਨ ਨੇ ਪ੍ਰਤਾਪ ਬਾਜਵਾ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ। ਉਨ੍ਹਾਂ ਪੁੱਛਿਆ ਕਿ ਕੀ ਪ੍ਰਤਾਪ ਸਿੰਘ ਬਾਜਵਾ ਦੇ ਪਾਕਿਸਤਾਨ ਨਾਲ ਸਿੱਧੇ ਸਬੰਧ ਹਨ? ਕੀ ਬੰਬ ਭੇਜਣ ਵਾਲੀ ਏਜੰਸੀ ਉਨ੍ਹਾਂ ਨੂੰ ਫ਼ੋਨ ਕਰ ਕੇ ਸਾਰੀ ਜਾਣਕਾਰੀ ਦਿੰਦੀ ਹੈ? ਉਨ੍ਹਾਂ ਕਿਹਾ ਕਿ ਨਾ ਤਾਂ ਇਹ ਜਾਣਕਾਰੀ ਪੰਜਾਬ ਦੀ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਸਾਡੇ ਨਾਲ ਅਜਿਹੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ।
CM ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਬਾਰੇ ਸੂਚਨਾ ਸਾਡੇ ਨਾਲ ਸਾਂਝੀ ਕਰਨ। ਉਨ੍ਹਾਂ ਬਾਜਵਾ ਤੋਂ ਪੁੱਛਿਆ ਕਿ ਕੀ ਤੁਸੀਂ ਬੰਬ ਫਟਣ ਦੀ ਉਡੀਕ ਕਰ ਰਹੇ ਹੋ ਕਿ ਪਹਿਲਾਂ ਲੋਕ ਮਰ ਜਾਣ ਫ਼ਿਰ ਮੈਂ ਆਪਣੀ ਰਾਜਨੀਤੀ ਚਮਕਾਵਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਉਹ ਪ੍ਰਤਾਪ ਬਾਜਵਾ ਨੂੰ ਮਿਲ ਕੇ ਉਨ੍ਹਾਂ ਤੋਂ ਬੰਬਾਂ ਬਾਰੇ ਨਿਸ਼ਾਨਦੇਹੀ ਕਰਨ। ਉਨ੍ਹਾਂ ਇਹ ਵੀ ਆਖ਼ਿਆ ਕਿ ਜੇ ਬਾਜਵਾ ਨੇ ਇਹ ਗੱਲ ਸਿਰਫ਼ ਦਹਿਸ਼ਤ ਫ਼ੈਲਾਉਣ ਵਾਸਤੇ ਕਹੀ ਹੈ ਤਾਂ ਇਹ ਬਹੁਤ ਸੰਗੀਨ ਜੁਰਮ ਹੈ। ਜੇਕਰ ਅਜਿਹਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ। ਇਸ ਲਈ ਪੁਲਸ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਬਾਜਵਾ ਨੂੰ ਕਿਹਾ ਕਿ ਉਹ ਸਖ਼ਤ ਕਾਰਵਾਈ ਲਈ ਤਿਆਰ ਰਹਿਣ।
ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਬਾਰੇ ਸਾਹਮਣੇ ਆ ਕੇ ਸਫ਼ਾਈ ਦੇਣ। ਕੀ ਕਾਂਗਰਸ ਦੇਸ਼ ਵਿਰੋਧੀ ਤਾਕਤਾਂ ਨਾਲ ਰਲ਼ੀ ਹੋਈ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੈਸ਼ਨਲ ਲੀਡਰਾਂ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਬਾਰੇ ਸਫ਼ਾਈ ਦੇਣੀ ਚਾਹੀਦੀ ਹੈ।