ਫਿਲਮ 'ਐਮਰਜੈਂਸੀ' 'ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨੂੰ ਬਹੁਤ ਮਜ਼ਬੂਤ ਔਰਤ ਮੰਨਦੀ ਸੀ, ਪਰ ਡੂੰਘੇ ਅਧਿਐਨ ਤੋਂ ਬਾਅਦ, ਹੁਣ ਉਹ ਮੰਨਦੀ ਹੈ ਕਿ ਉਹ "ਕਮਜ਼ੋਰ" ਸੀ ਅਤੇ " ਉਨ੍ਹਾਂ ਨੂੰ ਆਪਣੇ ਆਪ 'ਤੇ ਕੋਈ ਭਰੋਸਾ ਨਹੀਂ ਸੀ।" ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਕੰਗਨਾ ਅਕਸਰ ਆਪਣੇ ਵਿਵਾਦਪੂਰਨ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਉਸਨੇ ਇਹ ਵੀ ਕਿਹਾ ਕਿ ਅੱਜ ਕੋਈ ਵੀ ਨਿਰਦੇਸ਼ਕ ਉਸਦੇ ਲਾਇਕ ਨਹੀਂ ਹੈ।
ਕੋਈ ਵੀ ਨਿਰਦੇਸ਼ਕ ਮੇਰੇ ਲਾਇਕ ਨਹੀਂ ਹੈ-ਰਣੌਤ
ਰਣੌਤ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇੱਕ ਵੀਡੀਓ ਇੰਟਰਵਿਊ ਵਿੱਚ ਕਿਹਾ ਕਿ ਮੈਂ ਬਹੁਤ ਮਾਣ ਨਾਲ ਕਹਿ ਰਹੀ ਹਾਂ ਕਿ ਅੱਜ ਫਿਲਮ ਇੰਡਸਟਰੀ ਵਿੱਚ, ਇੱਕ ਵੀ ਨਿਰਦੇਸ਼ਕ ਨਹੀਂ ਹੈ ਜਿਸ ਨਾਲ ਮੈਂ ਕੰਮ ਕਰਨਾ ਚਾਹਾਂਗੀ ਕਿਉਂਕਿ ਉਨ੍ਹਾਂ 'ਚ ਉਹ ਗੁਣ ਨਹੀਂ ਹਨ। ਅਜਿਹਾ ਕੋਈ ਨਹੀਂ ਹੈ... ਕਿ ਮੈਂ ਉਸ ਨਾਲ ਕੰਮ ਕਰਨ ਲਈ ਸਹਿਮਤ ਹੋ ਸਕਾਂ। ਰਣੌਤ ਨੇ ਫਿਲਮ "ਐਮਰਜੈਂਸੀ" ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ, ਜੋ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਦੁਆਰਾ ਲਗਾਈ ਗਈ 21 ਮਹੀਨਿਆਂ ਦੀ ਐਮਰਜੈਂਸੀ ਨੂੰ ਦਰਸਾਉਂਦੀ ਹੈ। ਉਸਨੇ ਕਿਹਾ ਕਿ ਉਹ ਇੰਦਰਾ ਗਾਂਧੀ ਨਾਲ ਹਮਦਰਦੀ ਰੱਖਦੀ ਸੀ ਅਤੇ ਇਸ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰਨ ਤੱਕ ਉਸਨੂੰ ਬਹੁਤ ਮਜ਼ਬੂਤ ਮੰਨਦੀ ਸੀ।
'ਇੰਦਰਾ ਗਾਂਧੀ ਇੱਕ ਕਮਜ਼ੋਰ ਔਰਤ ਸੀ'
ਰਣੌਤ ਨੇ ਕਿਹਾ, "ਪਰ ਜਦੋਂ ਮੈਂ ਰਿਸਰਚ ਕੀਤੀ, ਤਾਂ ਮੈਨੂੰ ਸਮਝ ਆਇਆ ਕਿ ਉਹ ਬਿਲਕੁਲ ਉਲਟ ਸੀ। ਇਸਨੇ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਿ ਤੁਸੀਂ ਜਿੰਨੇ ਜ਼ਿਆਦਾ ਕਮਜ਼ੋਰ ਹੋਵੋਗੇ, ਓਨਾ ਹੀ ਜ਼ਿਆਦਾ ਕੰਟਰੋਲ ਤੁਸੀਂ ਚਾਹੋਗੇ। ਉਹ ਇੱਕ ਬਹੁਤ ਹੀ ਕਮਜ਼ੋਰ ਔਰਤ ਸੀ। ਉਨ੍ਹਾਂ ਨੂੰ ਆਪਣੇ ਆਪ 'ਤੇ ਯਕੀਨ ਨਹੀਂ ਸੀ ਤੇ ਸੱਚਮੁੱਚ ਕਮਜ਼ੋਰ ਸੀ। ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੀਆਂ ਬੈਸਾਖੀਆਂ ਸਨ ਅਤੇ ਉਹ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਬਹੁਤ ਸਾਰੇ ਲੋਕਾਂ 'ਤੇ ਬਹੁਤ ਜ਼ਿਆਦਾ ਨਿਰਭਰ ਸੀ, ਜਿਨ੍ਹਾਂ ਵਿੱਚੋਂ ਇੱਕ ਸੰਜੇ ਗਾਂਧੀ ਸੀ। ਅਦਾਕਾਰਾ ਨੇ ਕਿਹਾ ਕਿ ਉਸਨੇ ਆਪਣੀ ਫਿਲਮ ਵਿੱਚ ਇੰਦਰਾ ਗਾਂਧੀ ਅਤੇ ਐਮਰਜੈਂਸੀ ਬਾਰੇ ਆਪਣੇ ਪੱਖ ਤੋਂ ਕੋਈ ਬਦਲਾਅ ਨਹੀਂ ਕੀਤਾ।
ਪ੍ਰਿਅੰਕਾ ਗਾਂਧੀ ਨੂੰ ਫਿਲਮ ਦੇਖਣ ਲਈ ਸੱਦਾ ਦਿੱਤਾ
ਰਣੌਤ ਨੇ ਇਹ ਵੀ ਕਿਹਾ ਕਿ ਉਹ ਸੰਸਦ ਵਿੱਚ ਇੰਦਰਾ ਗਾਂਧੀ ਦੀ ਪੋਤੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ ਅਤੇ ਫਿਲਮ ਬਾਰੇ ਗੱਲ ਕੀਤੀ। ਵਾਯਨਾਡ ਤੋਂ ਕਾਂਗਰਸ ਸੰਸਦ ਮੈਂਬਰ, ਵਾਡਰਾ ਨਾਲ ਆਪਣੀ ਸੰਖੇਪ ਗੱਲਬਾਤ ਨੂੰ ਯਾਦ ਕਰਦੇ ਹੋਏ, ਰਣੌਤ ਨੇ ਕਿਹਾ, "ਮੈਂ ਸੰਸਦ ਵਿੱਚ ਪ੍ਰਿਅੰਕਾ ਗਾਂਧੀ ਨੂੰ ਮਿਲੀ ਤੇ ਉਸਨੇ ਮੇਰੇ ਕੰਮ ਅਤੇ ਮੇਰੇ ਵਾਲਾਂ ਦੀ ਪ੍ਰਸ਼ੰਸਾ ਕੀਤੀ। ਤਾਂ ਮੈਂ ਕਿਹਾ, 'ਤੁਸੀਂ ਜਾਣਦੇ ਹੋ, ਮੈਂ ਇੱਕ ਫਿਲਮ ਐਮਰਜੈਂਸੀ ਕੀਤੀ ਸੀ। ਮੈਂ ਇਸਨੂੰ ਬਣਾਇਆ ਸੀ।' ਸ਼ਾਇਦ ਤੁਹਾਨੂੰ ਇਹ ਦੇਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, 'ਠੀਕ ਹੈ, ਸ਼ਾਇਦ।" ਐਮਰਜੈਂਸੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਮਹੀਨੇ ਪਹਿਲਾਂ ਰਿਲੀਜ਼ ਹੋਣੀ ਸੀ, ਪਰ ਸੈਂਸਰ ਸਰਟੀਫਿਕੇਟ ਅਤੇ ਸਿੱਖ ਭਾਈਚਾਰੇ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ਾਂ ਕਾਰਨ ਰਿਲੀਜ਼ ਨਹੀਂ ਹੋ ਸਕੀ। ਇਹ ਫਿਲਮ ਅਸਲ ਵਿੱਚ 6 ਸਤੰਬਰ, 2024 ਨੂੰ ਰਿਲੀਜ਼ ਹੋਣ ਵਾਲੀ ਸੀ।