ਮੁੰਬਈ : ਭਾਰਤ ਵਿਚ ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਅੱਤਵਾਦ ਵਿਰੁੱਧ ਲੜਾਈ ਵਿਚ ਇਕਜੁੱਟ ਹਨ। ਉਨ੍ਹਾਂ ਨੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਦੋਵਾਂ ਦੇਸ਼ਾਂ ਵਿਚ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਹਿਯੋਗ ਵਧਾਉਣ ’ਤੇ ਤਸੱਲੀ ਪ੍ਰਗਟ ਕੀਤੀ। ਗਾਰਸੇਟੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਬਹੁਪੱਖੀ ਹਨ ਅਤੇ ਉਨ੍ਹਾਂ ਦੀ ਭਾਈਵਾਲੀ ਦੀ ਕੋਈ ਹੱਦ ਨਹੀਂ ਹੈ।
ਇੱਥੇ ‘ਪੀਸ ਐਂਡ ਦਿ ਰੋਲ ਆਫ ਦਿ ਯੂ. ਐੱਸ.-ਇੰਡੀਆ ਡਿਫੈਂਸ ਐਂਡ ਸਕਿਓਰਿਟੀ ਪਾਰਟਨਰਸ਼ਿਪ’ ਵਿਸ਼ੇ ’ਤੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਗਾਰਸੇਟੀ ਨੇ ਕਿਹਾ ਕਿ ਅੱਤਵਾਦ ਕਾਰਨ ਬਹੁਤ ਸਾਰੇ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਲਸ਼ਕਰ, ਜੈਸ਼, ਆਈ. ਐੱਸ. ਆਈ. ਐੱਸ. ਵਰਗੇ ਅੱਤਵਾਦੀ ਸੰਗਠਨਾਂ ਤੋਂ ਖਤਰਾ ਹੈ। ਸਾਨੂੰ ਇਸ ਖਤਰੇ ਦਾ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ। ਅਸੀਂ ਅੱਤਵਾਦ ਵਿਰੁੱਧ ਲੜਾਈ ਤੋਂ ਕਿਤੇ ਅੱਗੇ ਇਕ-ਦੂਜੇ ਨਾਲ ਸਹਿਯੋਗ ਕਰਦੇ ਹਾਂ, ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਭਾਈਚਾਰਿਆਂ ਨੂੰ ਕੱਟੜਪੰਥੀ ਤੋਂ ਕਿਵੇਂ ਮੁਕਤ ਕਰ ਸਕਦੇ ਹਾਂ।