ਰੇਵਾੜੀ : ਰੇਵਾੜੀ ਦੇ ਬਾਲੇਸ਼ ਧਨਖੜ ਨੂੰ ਆਸਟ੍ਰੇਲੀਆ ’ਚ ਸਿਡਨੀ ਦੀ ਅਦਾਲਤ ਨੇ 5 ਕੋਰੀਆਈ ਔਰਤਾਂ ਨਾਲ ਜਬਰ-ਜ਼ਿਨਾਹ ਕਰਨ ਅਤੇ ਵੀਡੀਓ ਬਣਾਉਣ ਦਾ ਦੋਸ਼ੀ ਕਰਾਰ ਦਿੰਦੇ ਹੋਏ 40 ਸਾਲ ਦੀ ਸਜ਼ਾ ਸੁਣਾਈ ਹੈ। ਬਾਲੇਸ਼ ਧਨਖੜ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ। ਉਸ ਦੇ ਫੇਸਬੁੱਕ ਅਕਾਊਂਟ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਉਸ ਨੇ ਯੂਨੀਵਰਸਿਟੀ ਆਫ਼ ਤਕਨਾਲੋਜੀ ਸਿਡਨੀ ਤੋਂ ਪੜ੍ਹਾਈ ਕੀਤੀ ਹੈ। ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਵਿਚ ਉਸ ਦਾ ਇਕ ਖਾਸ ਨਾਂ ਸੀ।
ਦੋਸ਼ ਹੈ ਕਿ ਬਾਲੇਸ਼ ਧਨਖੜ ਅਖ਼ਬਾਰਾਂ ਵਿਚ ਕੋਰੀਆਈ ਇੰਗਲਿਸ਼ ਟਰਾਂਸਲੇਟਰ ਦੀ ਨੌਕਰੀ ਦੇਣ ਦੇ ਇਸ਼ਤਿਹਾਰ ਛਪਵਾਉਂਦਾ ਸੀ। ਨੌਕਰੀ ਲਈ ਜੋ ਔਰਤਾਂ ਉਸ ਦੇ ਕੋਲ ਆਈਆਂ ਉਨ੍ਹਾਂ 'ਚੋਂ 5 ਔਰਤਾਂ ਨੂੰ ਉਸ ਨੇ ਨਸ਼ੀਲੇ ਪਦਾਰਥ ਦੇ ਕੇ ਜਬਰ-ਜ਼ਿਨਾਹ ਕੀਤਾ ਅਤੇ ਘੜੀ ਵਿਚ ਲੁਕਾਏ ਕੈਮਰੇ ਨਾਲ ਵੀਡੀਓ ਵੀ ਬਣਾਈ। ਪੀੜਤ ਔਰਤਾਂ ਵੱਲੋਂ ਦਾਇਰ ਕੀਤੇ ਗਏ ਮਾਮਲੇ ਮੁਤਾਬਕ ਸਿਡਨੀ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਉਸ ਦੇ ਕਬਜ਼ੇ ’ਚੋਂ 40 ਅਸ਼ਲੀਲ ਵੀਡੀਓ ਬਰਾਮਦ ਕੀਤੀਆਂ ਗਈਆਂ। ਸਿਡਨੀ ਦੀ ਇਕ ਅਦਾਲਤ ਨੇ ਅਪ੍ਰੈਲ 2023 ਵਿਚ ਬਾਲੇਸ਼ ਧਨਖੜ ਨੂੰ 39 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਸੀ। ਇਨ੍ਹਾਂ 'ਚੋਂ 13 ਮਾਮਲੇ ਜਬਰ-ਜ਼ਿਨਾਹ ਦੇ ਸਨ। ਦੋਸ਼ ਸਾਬਿਤ ਹੋਣ ਤੋਂ ਬਾਅਦ ਸਿਡਨੀ ਅਦਾਲਤ ਦੇ ਜਸਟਿਸ ਮਾਈਕਲ ਕਿੰਗ ਨੇ ਬਾਲੇਸ਼ ਨੂੰ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸ ਨੂੰ ਉਥੋਂ ਦੇ ਇਤਿਹਾਸ ਵਿਚ ਘਿਣਾਉਣਾ ਜਬਰ-ਜ਼ਿਨਾਹੀ ਐਲਾਨ ਕੀਤਾ ਗਿਆ। ਉੱਥੋਂ ਦੇ ਨਿਯਮਾਂ ਮੁਤਾਬਕ ਬਾਲੇਸ਼ ਲਗਭਗ 30 ਸਾਲ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਪੈਰੋਲ ਪ੍ਰਾਪਤ ਕਰ ਸਕਦਾ ਹੈ। ਜਦੋਂ ਉਹ ਆਪਣੀ ਸਜ਼ਾ ਪੂਰੀ ਕਰੇਗਾ ਤਾਂ ਉਹ 83 ਸਾਲਾਂ ਦਾ ਹੋਵੇਗਾ।