ਬਰਨਾਲਾ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੋਂ ਪ੍ਰਾਪਤ ਨਿਰਦੇਸ਼ਾਂ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਡਰੱਗਜ਼ ਕੰਟਰੋਲ ਅਫਸਰ ਬਰਨਾਲਾ ਪ੍ਰਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਪ੍ਰੀਗਾਬਾਲੀਨ 300 ਐੱਮ. ਜੀ (ਸੀਗਨੇਚਰ ਕੈਪਸੂਲ) ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਕੋਈ ਦੁਕਾਨਦਾਰ ਇਹ ਦਵਾਈ ਰੱਖਦਾ ਜਾਂ ਵੇਚਦਾ ਹੈ ਤਾਂ ਉਸ ਦੇ ਲਾਇਸੈਂਸ ਤੁਰੰਤ ਰੱਦ ਕਰ ਦਿੱਤੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਇਸੇ ਲੜੀ ਤਹਿਤ ਮੈਸ. ਰਵੀ ਮੈਡੀਕੋਜ, ਪਿੰਡ ਧੌਲਾ ਅਤੇ ਅਲਜਾਨ ਫਾਰਮਾਸਿਊਟਿਕਲ, ਬਰਨਾਲਾ ਦੇ ਲਾਇਸੈਂਸ ਸਰਕਾਰ ਵੱਲੋਂ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਹਨ। ਅੱਜ ਪਿੰਡ ਖੁੱਡੀ ਕਲਾਂ, ਚੀਮਾ, ਜੋਧਪੁਰ ਸਥਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਨਤ ਮੈਡੀਕੋਜ਼ ਗੁਰਦੁਆਰਾ ਰੋਡ ਪਿੰਡ ਜੋਧਪੁਰ ਅਤੇ ਗਰਗ ਮੈਡੀਕਲ ਹਾਲ ਪਿੰਡ ਚੀਮਾ ਦੇ ਫਾਰਮਾਸਿਸਟ ਗੈਰ-ਹਾਜ਼ਰ ਪਾਏ ਗਏ। ਚੈਕਿੰਗ ਦੌਰਾਨ ਕੋਈ ਨਸ਼ੀਲੀ ਦਵਾਈ ਪ੍ਰਾਪਤ ਨਹੀਂ ਹੋਈ ਪਰ ਡਰਗਜ਼ ਅਤੇ ਕਾਸਮੈਟਿਕ ਐਕਟ, 1940 ਦੀਆਂ ਧਾਰਾਵਾਂ ਦੀ ਉਲੰਘਣਾ ਪਾਈ ਗਈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ।