ਚੰਡੀਗੜ੍ਹ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡਬਲਵਾਲੀ 'ਚ ਬੁੱਧਵਾਰ ਨੂੰ ਇਕ ਜੀਪ ਦੇ ਟੈਂਕਰ ਨਾਲ ਟਕਰਾਉਣ ਕਾਰਨ ਗੁਜਰਾਤ ਦੇ 2 ਪੁਲਸ ਮੁਲਾਜ਼ਮਾਂ ਸਮੇਤ ਤਿੰਨ ਦੀ ਮੌਤ ਹੋ ਗਈ। ਡਬਵਾਲੀ ਦੇ ਪੁਲਸ ਸੁਪਰਡੈਂਟ ਸਿਧਾਂਤ ਜੈਨ ਨੇ ਦੱਸਿਆ,''ਗੁਜਰਾਤ ਪੁਲਸ ਦੇ ਵਾਹਨ 'ਚ ਚਾਰ ਲੋਕ ਸਵਾਰ ਸਨ। ਹਾਦਸੇ 'ਚ ਗੁਜਰਾਤ ਪੁਲਸ ਦੇ ਇਕ ਹੈੱਡ ਕਾਂਸਟੇਬਲ, ਇਕ ਹੋਮ ਗਾਰਡ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ 'ਚ ਗੁਜਰਾਤ ਪੁਲਸ ਦਾ ਇਕ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਆ।'' ਜੈਨ ਨੇ ਦੱਸਿਆ ਕਿ ਗੁਜਰਾਤ ਪੁਲਸ ਦਾ ਵਾਹਨ ਇਕ ਖੜ੍ਹੇ ਟੈਂਕਰ ਨਾਲ ਟਕਰਾ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਡਬਵਾਲੀ ਦੇ ਪੁਲਸ ਡਿਪਟੀ ਸੁਪਰਡੈਂਟ ਰਮੇਸ਼ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਡਬਵਾਲੀ ਦੇ ਇਕ ਹਸਪਤਾਲ ਤੋਂ ਏਮਜ਼, ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਹਾਦਸਾ ਡਬਵਾਲੀ ਦੇ ਸਕਤਾ ਖੇੜਾ 'ਚ ਭਾਰਤ ਮਾਲਾ ਰੋਡ 'ਤੇ ਵਾਪਰਿਆ। ਗੁਜਰਾਤ ਪੁਲਸ ਦਾ ਦਲ ਕਿਸੇ ਮਾਮਲੇ ਦੇ ਸਿਲਸਿਲੇ 'ਚ ਪੰਜਾਬ ਵੱਲ ਜਾ ਰਿਹਾ ਸੀ। ਡੀਐੱਸਪੀ ਨੇ ਦੱਸਿਆ ਕਿ ਪੁਲਸ ਵਾਹਨ 'ਤੇ ਗੁਜਰਾਤ ਦਾ ਰਜਿਸਟਰੇਸ਼ਨ ਨੰਬਰ ਸੀ, ਜਦੋਂ ਕਿ ਕੈਂਟਰ ਚਾਲਕ 'ਤੇ ਪੰਜਾਬ ਦਾ ਰਜਿਸਟਰੇਸ਼ਨ ਨੰਬਰ ਸੀ।