ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨ ਦੀਦਾਰਿਆਂ ਲਈ ਪੁੱਜੇ। ਮੁੱਖ ਮੰਤਰੀ ਚੰਡੀਗੜ੍ਹ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਹੈਲੀਕਾਪਟਰ ਰਾਹੀਂ ਅਤੇ ਅੱਗੇ ਸੜਕੀ ਮਾਰਗ ਰਾਹੀਂ ਮਾਤਾ ਨੈਣਾ ਦੇਵੀ ਦੇ ਦਰਬਾਰ ਪਹੁੰਚੇ। ਸ੍ਰੀ ਅਨੰਦਪੁਰ ਸਾਹਿਬ ਵਿਚ ਨਤਮਸਤਕ ਹੁੰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਅਤੇ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮਗਰੋਂ ਮੁੱਖ ਮੰਤਰੀ ਮਾਤਾ ਨੈਣਾ ਦੇਵੀ ਦੇ ਦਰਬਾਰ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਮੰਦਰ ਦੇ ਗਰਭ ਜੂਨ ਵਿਚ ਬੈਠ ਕੇ ਮਾਤਾ ਦੀ ਅਰਾਧਨਾ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਦੇ ਮੰਦਰ ਤੱਕ ਰੋਪ ਵੇ ਪ੍ਰੋਜੈਕਟ ਬਣਵਾਇਆ ਜਾਵੇਗਾ ਤਾਂ ਜੋ ਆਉਣ ਜਾਣ ਵਾਲੀ ਸੰਗਤ ਲਈ ਬਹੁਤ ਘੱਟ ਸਮੇਂ ਵਿਚ ਮਾਤਾ ਦੇ ਦਰਸ਼ਨ ਦੀਦਾਰੇ ਹੋ ਸਕਣ। ਇਸ ਨਾਲ ਸਮੇਂ ਦੀ ਕਾਫੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ 'ਤੇ ਲਗਾਮ ਕੱਸੀ ਹੈ। ਤਸਕਰਾਂ ਵੱਲੋਂ ਨਸ਼ਾ ਦੀ ਕਮਾਈ ਨਾਲ ਬਣਾਏ ਗਏ ਘਰ ਵੀ ਢਾਹੇ ਜਾ ਰਹੇ ਹਨ। ਨਸ਼ਿਆਂ ਖ਼ਿਲਾਫ ਇਹ ਜੰਗ ਅੱਗੇ ਵੀ ਜਾਰੀ ਰਹੇਗੀ।