ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਤੇ ਲਕਸ਼ੈ ਸੇਨ ਸਈਅਦ ਮੋਦੀ ਕੌਮਾਂਤਰੀ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਤੇ ਪੁਰਸ਼ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਚੋਟੀ ਦਰਜਾ ਪ੍ਰਾਪਤ ਦੋ ਵਾਰ ਦੀ ਚੈਂਪੀਅਨ ਸਿੰਧੂ ਨੇ ਚੀਨ ਦੀ ਦਾਈ ਵਾਂਗ ਨੂੰ 48 ਮਿੰਟ ਤੱਕ ਚੱਲੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ 21-15, 21-17 ਨਾਲ ਹਰਾਇਆ।
ਉੱਥੇ ਹੀ, 2021 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ੈ ਨੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਮੇਰਾਬਾ ਲੁਵਾਂਗ ਮੇਸਨਾਮ ਨੂੰ 21-8, 21-19 ਨਾਲ ਹਰਾਇਆ।
ਓਡਿਸ਼ਾ ਓਪਨ 2022 ਜੇਤੂ ਹੁੱਡਾ ਨੇ ਅਮਰੀਕਾ ਦੀ ਇਸ਼ਿਕਾ ਜਾਇਸਵਾਲ ਨੂੰ 21-16, 21-9 ਨਾਲ ਹਰਾਇਆ। ਮਹਿਲਾ ਡਬਲਜ਼ ਵਿਚ ਦੂਜਾ ਦਰਜਾ ਪ੍ਰਾਪਤ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਛੇਵਾਂ ਦਰਜਾ ਪ੍ਰਾਪਤ ਗੋ ਪੇਈ ਕੀ ਤੇ ਤਿਯਾ ਮੇਈ ਸ਼ਿੰਗ ਨੂੰ 21-8, 21-15 ਨਾਲ ਹਰਾਇਆ। ਮਿਕਸਡ ਡਬਲਜ਼ ਵਿਚ ਪੰਜਵਾਂ ਦਰਜਾ ਪ੍ਰਾਪਤ ਧਰੁਵ ਕਪਿਲਾ ਤੇ ਤਨੀਸਾ ਕ੍ਰਾਸਟੋ ਨੇ ਮਲੇਸ਼ੀਆ ਦੇ ਲੂ ਵਿੰਗ ਕੁਨ ਤੇ ਹੋ ਲੋ ਈ ਨੂੰ 21-16, 21-13 ਨਾਲ ਹਰਾਇਆ।