ਲੁਧਿਆਣਾ : ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਕੂਲਾਂ ’ਚ ਬੱਚੇ ਕਿੰਨਾ ਸਾਫ਼ ਪਾਣੀ ਪੀ ਰਹੇ ਹਨ। ਇਹੀ ਕਾਰਨ ਹੈ ਕਿ ਡੀ. ਸੀ. ਨੇ ਡੀ. ਈ. ਓ. ਨੂੰ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਆਪਣੀ ਰਿਪੋਰਟ ਦੇਣ ਲਈ ਕਿਹਾ ਹੈ। ਡੀ. ਸੀ. ਦੇ ਹੁਕਮ ਆਉਂਦੇ ਹੀ ਡੀ. ਈ. ਓ. ਨੇ ਸਕੂਲਾਂ ਨੂੰ ਪੀਣ ਵਾਲੇ ਪਾਣੀ ਦੇ ਸੈਂਪਲ ਲੈਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ। ਡੀ. ਈ. ਓ. ਨੇ ਸਕੂਲਾਂ ਨੂੰ ਕਿਹਾ ਕਿ ਉਹ ਅੱਜ ਹੀ ਆਪਣੇ ਬਲਾਕ ਜਾਂ ਇਲਾਕੇ ਦੇ ਐੱਸ. ਐੱਮ. ਓ. ਨਾਲ ਸੰਪਰਕ ਕਰ ਕੇ ਪਾਣੀ ਦੇ ਨਮੂਨੇ ਲੈ ਕੇ ਇਸ ਦੀ ਰਿਪੋਰਟ ਇਲਾਕੇ ਦੇ ਬਲਾਕ ਨੋਡਲ ਅਫ਼ਸਰ ਨੂੰ ਭੇਜਣ।
ਸਾਰੇ ਸਕੂਲ ਮੁਖੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੀਣ ਵਾਲੇ ਪਾਣੀ ਦੇ ਨਮੂਨੇ ਦੀ ਰਿਪੋਰਟ ਉਨ੍ਹਾਂ ਦੇ ਬੀ. ਐੱਨ. ਓ. ਨੂੰ ਸੌਂਪੀ ਜਾਣੀ ਚਾਹੀਦੀ ਹੈ। ਬੀ. ਐੱਨ. ਓ. ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੇ ਸਕੂਲਾਂ ਤੋਂ ਰਿਪੋਰਟਾਂ ਇਕੱਠੀਆਂ ਕਰ ਕੇ ਮੰਗਲਵਾਰ ਤੱਕ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦੇ ਦਫ਼ਤਰ ਨੂੰ ਇਕਸਾਰ ਰੂਪ ’ਚ ਭੇਜਣ। ਇਸ ਦੇ ਲਈ ਸਕੂਲਾਂ ਅਤੇ ਬਲਾਕ ਨੋਡਲ ਅਫਸਰਾਂ ਨੂੰ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ।
ਡੀ. ਈ. ਓ. ਨੇ ਦਿੱਤਾ 1 ਦਿਨ ਦਾ ਸਮਾਂ ਪਰ ਸਿਹਤ ਵਿਭਾਗ ਸੈਂਪਲਿੰਗ ਲਈ ਸਮਾਂ ਮੰਗ ਰਿਹਾ
ਹੁਣ ਸਵਾਲ ਇਹ ਹੈ ਕਿ ਡੀ. ਸੀ. ਨੇ ਸਕੂਲਾਂ ਤੋਂ ਰਿਪੋਰਟ ਮੰਗ ਲਈ ਹੈ ਪਰ ਸਿਹਤ ਵਿਭਾਗ ਦੇ ਅਧਿਕਾਰੀ ਇੰਨੀ ਜਲਦੀ ਸਾਰੇ ਸਕੂਲਾਂ ਦੀ ਸੈਂਪਲਿੰਗ ਕਰਨ ਲਈ ਸਮਾਂ ਮੰਗ ਰਹੇ ਹਨ। ਕਈ ਸਕੂਲ ਮੁਖੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਡੀ. ਸੀ. ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਸੇ ਹੋਰ ਕੰਮ ’ਚ ਰੁੱਝੇ ਹੋਣ ਦਾ ਹਵਾਲਾ ਦੇ ਕੇ ਆਉਂਦੇ ਹਫ਼ਤੇ ਸੈਂਪਲਿੰਗ ਕਰਨ ਲਈ ਕਿਹਾ।
ਪਰ ਹੁਣ ਸਕੂਲ ਭੰਬਲਭੂਸੇ ’ਚ ਹਨ, ਕਿਉਂਕਿ ਸਿੱਖਿਆ ਵਿਭਾਗ ਨੇ 22 ਅਪ੍ਰੈਲ ਤੱਕ ਰਿਪੋਰਟ ਮੰਗੀ ਹੈ ਪਰ ਸਿਹਤ ਵਿਭਾਗ ਇੰਨੀ ਜਲਦੀ ਸੈਂਪਲਿੰਗ ਕਰਨ ਲਈ ਤਿਆਰ ਨਹੀਂ ਹੈ। ਸਕੂਲਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੇ ਪ੍ਰਿੰਸੀਪਲ ਦੀ ਹੋਵੇਗੀ ਪਰ ਵਿਭਾਗ ਨੂੰ ਖੁਦ ਇਸ ਲਈ ਸਿਹਤ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਚਿਤਾਵਨੀ ਦੇ ਕੇ ਸਕੂਲਾਂ ’ਚ ਡਰ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ।
ਟੈਂਕਾਂ ਨੂੰ ਢੱਕ ਕੇ ਰੱਖਿਆ ਜਾਵੇ, ਕਲੋਰੀਨੇਸ਼ਨ ਜ਼ਰੂਰੀ
ਡੀ. ਈ. ਓ. ਵਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਲਗਾਈਆਂ ਗਈਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਸਮੇਂ-ਸਮੇਂ ’ਤੇ ਸਫਾਈ ਅਤੇ ਕਲੋਰੀਨੇਸ਼ਨ ਕੀਤੀ ਜਾਵੇ। ਜੇਕਰ ਕਿਸੇ ਸਕੂਲ ’ਚ ਆਰ. ਓ. ਸਿਸਟਮ ਜਾਂ ਸਬਮਰਸੀਬਲ ਪੰਪ ਲੱਗੇ ਹੋਏ ਹਨ ਤਾਂ ਉਨ੍ਹਾਂ ਦੀ ਵੀ ਨਿਯਮਤ ਸਫਾਈ ਕੀਤੀ ਜਾਵੇ। ਸਕੂਲ ਪ੍ਰਸ਼ਾਸਨ ਨੂੰ ਪਾਣੀ ਦੀਆਂ ਪਾਈਪਾਂ ਅਤੇ ਟੈਂਕੀਆਂ ’ਚ ਕਿਸੇ ਵੀ ਕਿਸਮ ਦੀ ਗੰਦਗੀ ਜਾਂ ਲਾਗ ਨੂੰ ਰੋਕਣ ਲਈ ਸਾਰੇ ਲੋੜੀਂਦੇ ਸੁਧਾਰਾਤਮਕ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਦੇਣਾ ਹੋਵੇਗਾ ਵੇਰਵਾ
-ਸਕੂਲ ਦਾ ਨਾਂ
-ਨਮੂਨਾ ਲੈਣ ਦੀ ਮਿਤੀ
-ਨਤੀਜਾ
-ਪਾਣੀ ਦਾ ਸਰੋਤ ਆਰ. ਓ. ਜਾਂ ਸਬਮਰਸੀਬਲ