ਸ਼੍ਰੀਨਗਰ : ਅਮਰਨਾਥ ਯਾਤਰਾ ਜੁਲਾਈ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਲਈ ਲੋਕ ਰਜਿਸਟਰੇਸ਼ਨ ਵੀ ਕਰਵਾ ਰਹੇ ਹਨ ਪਰ ਇਸ ਵਿਚਾਲੇ ਅਮਰਨਾਥ ਯਾਤਰਾ ਦੇ ਸ਼ੁਰੂਆਤੀ ਪੜਾਅ ਪਹਿਲਗਾਮ ਨੇੜੇ ਸੈਲਾਨੀਆਂ 'ਤੇ ਵੱਡਾ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਪਹਿਲਗਾਮ ਵਿਚ ਮੰਗਲਵਾਰ ਨੂੰ ਸੈਲਾਨੀਆਂ 'ਤੇ ਫਾਇਰਿੰਗ ਕੀਤੀ। ਹਮਲਾ ਦੁਪਹਿਰ ਨੂੰ ਬੈਸਰਨ ਘਾਟੀ ਇਲਾਕੇ 'ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਿੰਗ 'ਚ 5 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚ ਕੁਝ ਸਥਾਨਕ ਵੀ ਹਨ। ਸੁਰੱਖਿਆ ਫ਼ੋਰਸਾਂ ਨੇ ਇਲਾਕੇ ਨੂੰ ਘੇਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੈਸਰਨ ਇਲਾਕੇ 'ਚ ਸੈਲਾਨੀਆਂ ਦਾ ਇਕ ਦਲ ਘੁੰਮਣ ਗਿਆ ਸੀ, ਇਸੇ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਨਿਊਜ਼ ਏਜੰਸੀ ਨੂੰ ਇਕ ਔਰਤ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਪਤੀ ਦੇ ਸਿਰ 'ਚ ਗੋਲੀ ਲੱਗੀ ਹੈ, ਜਦੋਂ ਕਿ 7 ਹੋਰ ਲੋਕ ਜ਼ਖ਼ਮੀ ਹੋਏ ਹਨ। ਔਰਤ ਨੇ ਆਪਣੀ ਪਛਾਣ ਨਹੀਂ ਦੱਸੀ ਹੈ। ਹਾਲਾਂਕਿ ਜਿਨ੍ਹਾਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਸੈਲਾਨੀ ਇੱਥੇ ਅਮਰਨਾਥ ਯਾਤਰਾ ਲਈ ਨਹੀਂ ਸਗੋਂ ਪਹਿਲਗਾਮ ਅਤੇ ਨੇੜੇ-ਤੇੜੇ ਦੇ ਇਲਾਕੇ ਘੁੰਮਣ ਆਏ ਸਨ।