ਭਵਾਨੀਗੜ੍ਹ : ਪੰਜਾਬ ਸਰਕਾਰ ਤੇ ਪੰਜਾਬ ਪੁਲਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਦੀ ਚਲਾਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਦੀ ਪੁਲਸ ਵੱਲੋਂ ਇਕ ਕਾਰ ਵਿਚੋਂ ਢਾਈ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਦੇ ਸਬ-ਇੰਸਪੈਕਟਰ ਜਗਸੀਰ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਭਵਾਨੀਗੜ੍ਹ ਤੋਂ ਫਗੂਵਾਲਾ ਕੈਂਚੀਆਂ ਨੂੰ ਸਲੀਪ ਰੋਡ ਰਾਹੀਂ ਸ਼ਹਿਰ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਰਸਤੇ ਵਿਚ ਇਕ ਸਵਿਫਟ ਕਾਰ ਨੂੰ ਰੋਕ ਕੇ ਜਦੋਂ ਸ਼ੱਕ ਦੇ ਅਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਸਵਿਫਟ ਕਾਰ ਵਿਚੋਂ ਚਾਰ ਥੈਲੇ ਪਲਾਸਟਿਕ ਦੇ ਦਿਖਾਈ ਦਿੱਤੇ। ਪੁਲਸ ਪਾਰਟੀ ਨੇ ਜਦੋਂ ਉਕਤ ਥੈਲਿਆਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਥੈਲਿਆਂ ਦੇ ਵਿਚੋਂ ਢਾਈ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।
ਇਨ੍ਹਾਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਸਵ: ਮੇਜਰ ਸਿੰਘ ਤੇ ਗੁਰਵੀਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਠੂਠੀਵਾਲ ਜ਼ਿਲ੍ਹਾ ਬਰਨਾਲਾ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਦੋਵਾਂ ਨੂੰ ਕਾਰ ਤੇ ਭੁੱਕੀ ਸਮੇਤ ਕਾਬੂ ਕਰਕੇ ਇਨ੍ਹਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।