ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਵਕਫ਼ (ਸੋਧ) ਬਿੱਲ ਦੇ ਪਾਸ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਕਦਮ ਸਮਾਜਿਕ-ਆਰਥਿਕ ਨਿਆਂ, ਪਾਰਦਰਸ਼ਤਾ ਅਤੇ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਯਤਨਾਂ 'ਚ ਇਕ ਮਹੱਤਵਪੂਰਨ ਪਲ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜੋ ਲੰਬੇ ਸਮੇਂ ਤੋਂ ਹਾਸ਼ੀਏ 'ਤੇ ਧੱਕੇ ਗਏ ਹਨ, ਜਿਨ੍ਹਾਂ ਨੂੰ ਆਵਾਜ਼ ਅਤੇ ਮੌਕੇ ਦੋਵਾਂ ਤੋਂ ਵਾਂਝਾ ਰੱਖਿਆ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਦਹਾਕਿਆਂ ਤੋਂ ਵਕਫ਼ ਪ੍ਰਣਾਲੀ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਦਾ ਸਮਾਨਾਰਥੀ ਬਣ ਗਈ ਹੈ, ਖਾਸ ਕਰਕੇ ਮੁਸਲਿਮ ਔਰਤਾਂ, ਗਰੀਬ ਮੁਸਲਮਾਨਾਂ ਅਤੇ ਪਾਸਮਾਂਦਾ ਮੁਸਲਮਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਉਨ੍ਹਾਂ ਕਿਹਾ,''ਵਕਫ਼ (ਸੋਧ) ਬਿੱਲ ਅਤੇ ਮੁਸਲਮਾਨ ਵਕਫ਼ (ਖ਼ਾਤਮਾ) ਬਿੱਲ ਦਾ ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਹੋਣਾ ਸਮਾਜਿਕ-ਆਰਥਿਕ ਨਿਆਂ, ਪਾਰਦਰਸ਼ਤਾ ਅਤੇ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਯਤਨਾਂ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਪਲ ਹੈ।'' ਉਨ੍ਹਾਂ ਕਿਹਾ ਕਿ ਸੰਸਦ ਤੋਂ ਪਾਸ ਕਾਨੂੰਨੀ ਪਾਰਦਰਸ਼ਤਾ ਨੂੰ ਉਤਸ਼ਾਹ ਦੇਣਗੇ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਵੀ ਕਰਨਗੇ। ਉਨ੍ਹਾਂ ਕਿਹਾ,''ਅਸੀਂ ਹਰੇਕ ਨਾਗਰਿਕ ਦੇ ਸਨਮਾਨ ਨੂੰ ਪਹਿਲਾ ਦੇਣ ਲਈ ਵਚਨਬੱਧ ਹਾਂ। ਇਸੇ ਤਰ੍ਹਾਂ ਅਸੀਂ ਇਕ ਮਜ਼ਬੂਤ, ਵੱਧ ਸਮਾਵੇਸ਼ੀ ਭਾਰਤ ਦਾ ਨਿਰਮਾਣ ਵੀ ਕਰ ਸਕਦੇ ਹਾਂ।'' ਪ੍ਰਧਾਨ ਮੰਤਰੀ ਨੇ ਸੰਸਦ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸੰਸਦੀ ਅਤੇ ਕਮੇਟੀ ਦੀਆਂ ਚਰਚਾਵਾਂ 'ਚ ਹਿੱਸਾ ਲਿਆ, ਆਪਣੇ ਦ੍ਰਿਸ਼ਟੀਕੋਣ ਜ਼ਾਹਰ ਕੀਤੇ ਅਤੇ ਇਨ੍ਹਾਂ ਕਾਨੂੰਨਾਂ ਨੂੰ ਮਜ਼ਬੂਤ ਬਣਾਉਣ 'ਚ ਯੋਗਦਾਨ ਦਿੱਤਾ। ਉਨ੍ਹਾਂ ਨੇ ਸੰਸਦੀ ਕਮੇਟੀ ਨੂੰ ਕੀਮਤੀ ਸੁਝਾਅ ਭੇਜਣ ਵਾਲੇ ਅਣਗਿਣਤ ਲੋਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ,''ਇਕ ਵਾਰ ਫਿਰ, ਵਿਆਪਕ ਬਹਿਸ ਅਤੇ ਗੱਲਬਾਤ ਦਾ ਮਹੱਤਵ ਸਾਬਿਤ ਹੋਇਆ ਹੈ।''