ਨਵੀਂ ਦਿੱਲੀ : ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਉੱਚ ਸਦਨ ਦੇ 267ਵੇਂ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲੇ ਆਪਣੇ ਰਵਾਇਤੀ ਸੰਬੋਧਨ 'ਚ ਕਿਹਾ ਕਿ ਇਸ ਦੌਰਾਨ ਸਦਨ 'ਚ ਵਕਫ਼ (ਸੋਧ) ਬਿੱਲ ਸਮੇਤ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਦੌਰਾਨ ਰਾਸ਼ਟਰਪਤੀ ਭਾਸ਼ਣ ਅਤੇ ਬਜਟ 'ਤੇ ਲੰਬੀ ਚਰਚਾ ਹੋਈ।
ਇਸ ਦੇ ਨਾਲ ਹੀ ਚਾਰ ਅਹਿਮ ਮੰਤਰਾਲਿਆਂ ਦੇ ਕੰਮਕਾਜ 'ਤੇ ਵੀ ਚਰਚਾ ਹੋਈ ਅਤੇ ਸੈਸ਼ਨ ਦੌਰਾਨ ਸਦਨ ਦੀ ਉਤਪਾਦਕਤਾ 119 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਤਿੰਨ ਅਪ੍ਰੈਲ ਨੂੰ ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋ ਕੇ ਚਾਰ ਅਪ੍ਰੈਲ ਤੜਕੇ ਤੱਕ ਚੱਲੀ, ਜੋ ਹੁਣ ਤੱਕ ਦੀ ਸਭ ਤੋਂ ਲੰਬੀ ਬੈਠਕ ਸੀ। ਦੱਸਣਯੋਗ ਹੈ ਕਿ ਉੱਚ ਸਦਨ ਦੇ 267ਵੇਂ ਸੈਸ਼ਨ ਦੀ ਸ਼ੁਰੂਆਤ ਦੋਵੇਂ ਸਦਨਾਂ ਦੀ ਸੰਯੁਕਤ ਬੈਠਕ 'ਚ ਰਾਸ਼ਟਰਪਤੀ ਭਾਸ਼ਣ ਨਾਲ ਹੋਈ ਸੀ।