ਮਾਂਡਲੇ : ਮਿਆਂਮਾਰ ਵਿੱਚ ਆਏ 7.9 ਤੀਬਰਤਾ ਵਾਲੇ ਘਾਤਕ ਭੂਚਾਲ ਤੋਂ ਬਾਅਦ ਹੁਣ ਤੱਕ 36 ਝਟਕੇ ਮਹਿਸੂਸ ਕੀਤੇ ਗਏ ਹਨ। ਮਿਆਂਮਾਰ ਦੇ ਮੌਸਮ ਅਤੇ ਜਲ ਵਿਗਿਆਨ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਸਵੇਰ ਤੱਕ 2.8 ਤੋਂ 7.5 ਤੀਬਰਤਾ ਦੇ 36 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਪਿਛਲੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:51 ਵਜੇ ਮਿਆਂਮਾਰ ਵਿੱਚ ਆਏ 7.9 ਤੀਬਰਤਾ ਵਾਲੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਮਹਿਸੂਸ ਕੀਤੇ ਗਏ।
ਦੂਜੇ ਪਾਸੇ ਮਲਬੇ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਿਆਂਮਾਰ ਵਿੱਚ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਵੱਧ ਹੋ ਗਈ ਹੈ। ਦੇਸ਼ ਦੀ ਫੌਜ ਦੀ ਅਗਵਾਈ ਵਾਲੀ ਸਰਕਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਬੁਲਾਰੇ ਮੇਜਰ ਜਨਰਲ ਜ਼ੌ ਮਿਨ ਤੁਨ ਨੇ ਸਰਕਾਰੀ ਟੀਵੀ ਚੈਨਲ ਐਮ.ਆਰ.ਟੀ.ਵੀ ਨੂੰ ਦੱਸਿਆ ਕਿ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਵੱਧ ਹੋ ਗਈ ਹੈ। ਉਨ੍ਹਾਂ ਕਿਹਾ ਕਿ 3,400 ਲੋਕ ਜ਼ਖਮੀ ਹੋਏ ਹਨ ਅਤੇ 300 ਤੋਂ ਵੱਧ ਲਾਪਤਾ ਹਨ। ਮਿਆਂਮਾਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਰਾਜਧਾਨੀ ਨੇਪੀਤਾਵ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਸਮੇਤ ਕਈ ਹੋਰ ਥਾਵਾਂ 'ਤੇ ਵਿਆਪਕ ਨੁਕਸਾਨ ਹੋਇਆ।