ਇਜ਼ਰਾਈਲ ਵੱਲੋਂ ਰਾਤ ਭਰ ਕੀਤੇ ਗਏ ਹਮਲਿਆਂ ਵਿੱਚ ਗਾਜ਼ਾ ਪੱਟੀ ਵਿੱਚ ਘੱਟੋ-ਘੱਟ 55 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਮਲੇ ਤੋਂ ਇੱਕ ਦਿਨ ਪਹਿਲਾਂ ਇਜ਼ਰਾਈਲੀ ਸਰਕਾਰੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਗਾਜ਼ਾ ਦੇ ਇੱਕ ਵੱਡੇ ਖੇਤਰ 'ਤੇ ਕਬਜ਼ਾ ਕਰੇਗਾ ਅਤੇ ਫਲਸਤੀਨੀ ਖੇਤਰ ਵਿੱਚ ਇੱਕ ਨਵਾਂ ਸੁਰੱਖਿਆ ਲਾਂਘਾ ਸਥਾਪਤ ਕਰੇਗਾ।
ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵਿੱਚ ਖਾਨ ਯੂਨਿਸ ਦੇ ਅਧਿਕਾਰੀਆਂ ਨੇ ਕਿਹਾ ਕਿ 14 ਲਾਸ਼ਾਂ, ਜਿਨ੍ਹਾਂ ਵਿੱਚੋਂ 9 ਇੱਕੋ ਪਰਿਵਾਰ ਦੀਆਂ ਸਨ, ਨੂੰ ਨਾਸਿਰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚ ਪੰਜ ਬੱਚੇ ਅਤੇ ਚਾਰ ਔਰਤਾਂ ਸ਼ਾਮਲ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲਿਆਂ ਤੋਂ ਬਾਅਦ, ਬੱਚਿਆਂ ਅਤੇ ਔਰਤਾਂ ਸਮੇਤ 19 ਲੋਕਾਂ ਦੀਆਂ ਲਾਸ਼ਾਂ ਨੂੰ ਖਾਨ ਯੂਨਿਸ ਦੇ ਇੱਕ ਹਸਪਤਾਲ ਵਿੱਚ ਲਿਆਂਦਾ ਗਿਆ।
ਇਸ ਦੇ ਨਾਲ ਹੀ, ਗਾਜ਼ਾ ਪੱਟੀ ਦੇ ਅਹਲੀ ਹਸਪਤਾਲ ਵਿੱਚ 7 ਬੱਚਿਆਂ ਸਮੇਤ 21 ਲੋਕਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਗਾਜ਼ਾ ਵਿੱਚ ਇੱਕ ਨਵਾਂ ਸੁਰੱਖਿਆ ਲਾਂਘਾ ਸਥਾਪਤ ਕਰ ਰਿਹਾ ਹੈ।