ਬੀਤੇ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਮਿਆਂਮਾਰ ਤੇ ਥਾਈਲੈਂਡ 'ਚ ਦਾ ਮੰਜ਼ਰ ਛਾਇਆ ਹੋਇਆ ਹੈ। ਇਸ ਕਾਰਨ ਜਿੱਥੇ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ, ਉੱਥੇ ਹੀ ਸੈਂਕੜੇ ਲੋਕਾਂ ਨੇ ਵੀ ਆਪਣੀ ਜਾਨ ਗੁਆ ਦਿੱਤੀ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮਿਆਂਮਾਰ 'ਚ 2,719 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4,500 ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 441 ਹੋਰ ਲੋਕ ਲਾਪਤਾ ਦੱਸੇ ਜਾ ਰਹੇ ਹਨ। ਭੂਚਾਲ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਭੂਚਾਲ ਨੇ ਮਿਆਂਮਾਰ 'ਚ ਇੰਨੀ ਤਬਾਹੀ ਮਚਾਈ ਹੈ ਕਿ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ ਤੇ ਦੇਸ਼ 'ਚ ਬਿਜਲੀ ਤੇ ਇੰਟਰਨੈੱਟ ਸਪਲਾਈ ਵੀ ਠੱਪ ਹੋ ਚੁੱਕੀ ਹੈ। ਫਿਲਹਾਲ ਉੱਥੇ ਸਥਿਤੀ ਇਹ ਹੈ ਕਿ ਕਈ ਇਲਾਕਿਆਂ 'ਚ ਰਾਹਤ ਤੇ ਬਚਾਅ ਕਾਰਜ ਦੀਆਂ ਟੀਮਾਂ ਵੀ ਪਹੁੰਚ ਨਹੀਂ ਪਾ ਰਹੀਆਂ।
ਇਸ ਮੁਸ਼ਕਲ ਸਮੇਂ ਭਾਰਤ ਸਣੇ ਦੁਨੀਆ ਦੇ ਕਈ ਦੇਸ਼ ਮਿਆਂਮਾਰ ਦੀ ਮਦਦ ਲਈ ਅੱਗੇ ਆਏ ਹਨ। ਭਾਰਤ ਨੇ 'ਆਪ੍ਰੇਸ਼ਨ ਬ੍ਰਹਮਾ' ਤਹਿਤ 60 ਟਨ ਰਾਹਤ ਸਮੱਗਰੀ ਮਿਆਂਮਾਰ ਨੂੰ ਭੇਜੀ ਗਈ ਹੈ। ਇਸ ਤੋਂ ਇਲਾਵਾ ਭਾਰਤ ਨੇ ਉੱਥੇ ਰਾਹਤ ਤੇ ਬਚਾਅ ਕਾਰਜ ਟੀਮ ਤੋਂ ਇਲਾਵਾ ਮੈਡੀਕਲ ਟੀਮਾਂ ਨੂੰ ਵੀ ਭੇਜਿਆ ਹੋਇਆ ਹੈ।