ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਮਰੀਕੀ ਦਰਾਮਦਾਂ 'ਤੇ ਲਗਾਏ ਗਏ ਟੈਰਿਫ ਨੂੰ 'ਬਹੁਤ ਹੱਦ ਤੱਕ' ਘਟਾਉਣ ਜਾ ਰਿਹਾ ਹੈ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਟਰੰਪ ਜਲਦ ਹੀ 'ਰਿਸਿਪ੍ਰੋਕਲ ਟੈਰਿਫ' ਦਾ ਐਲਾਨ ਕਰਨ ਜਾ ਰਹੇ ਹਨ, ਜਿਸ ਨਾਲ ਵਿਸ਼ਵ ਵਪਾਰ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਅਜੇ ਤੱਕ ਇਸ ਦਾਅਵੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਟਰੰਪ ਨੇ ਕੀ ਕਿਹਾ?
ਜਦੋਂ ਟਰੰਪ ਨੂੰ ਵ੍ਹਾਈਟ ਹਾਊਸ ਵਿਚ ਪ੍ਰੈਸ ਬ੍ਰੀਫਿੰਗ ਦੌਰਾਨ ਪੁੱਛਿਆ ਗਿਆ ਕਿ ਕੀ ਅਮਰੀਕਾ ਦੇ ਸਹਿਯੋਗੀ ਉਨ੍ਹਾਂ ਦੇ ਨਵੇਂ ਟੈਰਿਫਾਂ ਨਾਲ ਪ੍ਰਭਾਵਿਤ ਹੋਣਗੇ, ਤਾਂ ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਦੇਸ਼ ਆਪਣੇ ਟੈਰਿਫਾਂ ਨੂੰ ਘਟਾ ਦੇਣਗੇ ਕਿਉਂਕਿ ਉਹ ਗਲਤ ਤਰੀਕੇ ਨਾਲ ਲਗਾਏ ਗਏ ਸਨ। ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਕਾਰਾਂ 'ਤੇ ਟੈਰਿਫ ਨੂੰ 2.5% ਤੱਕ ਘਟਾ ਦਿੱਤਾ ਹੈ ਅਤੇ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਭਾਰਤ ਵੀ ਆਪਣੇ ਟੈਰਿਫਾਂ ਨੂੰ ਕਾਫੀ ਘਟਾਏਗਾ।" ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਲਈ ਕੋਈ ਠੋਸ ਸਬੂਤ ਜਾਂ ਅੰਕੜੇ ਪੇਸ਼ ਨਹੀਂ ਕੀਤੇ ਹਨ।
ਭਾਰਤ ਦੀ ਵਪਾਰਕ ਰਣਨੀਤੀ
ਭਾਰਤ ਨੇ ਹਾਲ ਹੀ ਵਿੱਚ ਹਾਰਲੇ ਡੇਵਿਡਸਨ ਮੋਟਰਸਾਈਕਲ ਅਤੇ ਅਮਰੀਕੀ ਬੋਰਬਨ ਵਿਸਕੀ ਸਮੇਤ ਕੁਝ ਅਮਰੀਕੀ ਉਤਪਾਦਾਂ 'ਤੇ ਟੈਰਿਫ ਘਟਾਏ ਹਨ। ਇਕ ਰਿਪੋਰਟ ਮੁਤਾਬਕ ਭਾਰਤ ਨੇ ਕੁਝ ਖੇਤੀ ਉਤਪਾਦਾਂ 'ਤੇ ਦਰਾਮਦ ਡਿਊਟੀ ਘਟਾਉਣ ਦੀ ਪੇਸ਼ਕਸ਼ ਵੀ ਕੀਤੀ ਹੈ ਪਰ ਇਸ ਦੀ ਸ਼ਰਤ ਇਹ ਹੈ ਕਿ ਬਦਲੇ ਵਿਚ ਅਮਰੀਕਾ ਭਾਰਤ ਨੂੰ 'ਪਰਸਪਰ ਟੈਰਿਫ' ਤੋਂ ਛੋਟ ਦੇਵੇ।
ਇਸ ਤੋਂ ਇਲਾਵਾ 2025 ਦੇ ਸਾਲਾਨਾ ਬਜਟ 'ਚ ਅਮਰੀਕੀ ਸੋਲਰ ਸੈੱਲ, ਮਸ਼ੀਨਰੀ ਅਤੇ ਲਗਜ਼ਰੀ ਕਾਰਾਂ 'ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਗਿਆ ਸੀ। ਨਾਲ ਹੀ, ਡਿਜੀਟਲ ਇਸ਼ਤਿਹਾਰਾਂ 'ਤੇ 6% ਟੈਕਸ ਹਟਾ ਦਿੱਤਾ ਗਿਆ ਹੈ, ਜਿਸ ਨਾਲ ਗੂਗਲ, ਮੇਟਾ ਅਤੇ ਐਮਾਜ਼ੋਨ ਵਰਗੀਆਂ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਰਾਹਤ ਮਿਲੀ ਹੈ।