ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ ਨੂੰ ਨਸ਼ਿਆਂ ਦਾ ਅੱਡਾ ਬਣਾ ਦਿੱਤਾ ਹੈ ਅਤੇ ਪਿਛਲੇ 5 ਸਾਲਾਂ 'ਚ ਨਸ਼ੇ ਦੇ ਇਲਾਜ ਲਈ 15 ਲੱਖ ਲੋਕ ਸਰਕਾਰੀ ਹਸਪਤਾਲਾਂ ਅਤੇ ਨਸ਼ਾ ਮੁਕਤੀ ਕੇਂਦਰਾਂ 'ਚ ਪਹੁੰਚੇ ਹਨ। ਇੱਥੇ ਜਾਰੀ ਬਿਆਨ 'ਚ ਸ਼੍ਰੀ ਹੁੱਡਾ ਨੇ ਕਿਹਾ ਕਿ ਜਦੋਂ ਤੋਂ ਸੂਬੇ 'ਚ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਨਸ਼ਿਆਂ ਦੇ ਸੌਦਾਗਰਾਂ ਦਾ ਬੋਲਬਾਲਾ ਹੋ ਗਿਆ ਹੈ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਡਰ ਤੋਂ ਸੂਬੇ ਭਰ 'ਚ ਆਪਣਾ ਜਾਲ ਵਿਛਾ ਲਿਆ ਹੈ। ਅੱਜ ਪ੍ਰਦੇਸ਼ ਦੇ ਹਰ ਪਿੰਡ, ਗਲੀ ਅਤੇ ਮੁਹੱਲੇ ਤੱਕ ਨਸ਼ਾ ਪਹੁੰਚ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਖ਼ੁਦ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵਲੋਂ ਦਸੰਬਰ 2023 'ਚ ਰਾਜ ਸਭਾ 'ਚ ਰਿਪੋਰਟ ਪੇਸ਼ ਕੀਤੀ ਗਈ ਸੀ।
ਇਸ ਅਨੁਸਾਰ ਹਰਿਆਣਾ 'ਚ ਨਸ਼ਾ ਕਰਨ ਵਾਲੇ 16.51 ਫੀਸਦੀ ਲੋਕ ਅਫੀਮ ਅਤੇ ਉਸ ਤੋਂ ਬਣੇ ਨਸ਼ੀਲੇ ਪਦਾਰਥ, ਇੱਥੇ ਤੱਕ ਕਿ ਹੈਰੋਇਨ ਅਤੇ ਚਿੱਟੇ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ 11 ਫ਼ੀਸਦੀ ਲੋਕ ਨਸ਼ੇ ਲਈ ਗਾਂਜਾ, ਭੰਗ ਅਤੇ ਚਰਸ ਇਸਤੇਮਾਲ ਕਰਦੇ ਹਨ। 5 ਫ਼ੀਸਦੀ ਲੋਕ ਨੀਂਦ ਲਈ ਲਈਆਂ ਜਾਣ ਵਾਲੀਆਂ ਨਸ਼ੀਲੀਆਂ ਦਵਾਈਆਂ ਅਤੇ ਵੱਡੀ ਮਾਤਰਾ 'ਚ ਲੋਕ ਕੋਕੀਨ ਦਾ ਵੀ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਅਤੇ ਨਸ਼ਾ ਮੁਕਤੀ ਕੇਂਦਰਾਂ 'ਚ ਪਹੁੰਚੇ ਜ਼ਿਆਦਾਤਰ ਮਰੀਜ਼ ਪੰਜਾਬ ਅਤੇ ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਹਨ ਅਤੇ ਦੋਸ਼ ਲਗਾਇਆ ਕਿ ਇਸ ਦਾ ਮਤਲਬ ਹੈ ਕਿ ਹਰਿਆਣਾ ਸਰਕਾਰ ਨੂੰ ਪਤਾ ਹੈ ਕਿ ਪ੍ਰਦੇਸ਼ 'ਚ ਨਸ਼ਾ ਕਿਹੜੀ ਜਗ੍ਹਾ ਤੋਂ ਆ ਰਿਹਾ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਪ੍ਰਦੇਸ਼ 'ਚ ਜਾਣਬੁੱਝ ਕੇ ਨਸ਼ੇ ਨੂੰ ਉਤਸ਼ਾਹ ਦੇ ਰਹੀ ਹੈ।