ਬਹਿਰਾਈਚ : ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਪਯਾਗਪੁਰ ਇਲਾਕੇ 'ਚ ਮੰਗਲਵਾਰ ਦੁਪਹਿਰ ਤੇਜ਼ ਰਫ਼ਤਾਰ ਡਬਲ-ਡੈਕਰ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 2 ਮਾਸੂਮ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਹਜ਼ੂਰਪੁਰ ਇਲਾਕੇ ਦੇ 16 ਲੋਕ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਇਕ ਆਟੋ ਰਿਕਸ਼ਾ 'ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ 'ਚ ਇਮਲੀਆ ਕੋਲ ਤੇਜ਼ ਰਫ਼ਤਾਰ ਬੱਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਆਟੋ ਰਿਕਸ਼ਾ ਦੇ ਪਰਖੱਚੇ ਉੱਡ ਗਏ ਅਤੇ ਸਾਰੇ ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਖੇਤਰੀ ਲੋਕਾਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਬਹਿਰਾਈਚ ਮੈਡੀਕਲ ਕਾਲਜ ਭਿਜਵਾਇਆ, ਜਿੱਥੇ ਇਲਾਜ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਡਰਾਈਵਰ ਸਮੇਤ 10 ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ 'ਚ ਅਜੀਮ (12), ਫਹਦ (5), ਮਰਿਅਮ (65) ਅਮਜਦ (45), ਮੁੰਨੀ (45) ਅਤੇ 2 ਹੋਰ ਸ਼ਾਮਲ ਹਨ।