ਹਮੀਰਪੁਰ : ਹਮੀਰਪੁਰ ਦੇ ਬਾਬਾ ਬਾਲਕ ਨਾਥ ਮੰਦਰ ਵਿਚ ਵੇਚੇ ਜਾ ਰਹੇ ਪ੍ਰਸ਼ਾਦ ਦੇ ਨਮੂਨੇ ਖਾਣ ਯੋਗ ਨਾ ਹੋਣ ਕਾਰਨ ਬੁੱਧਵਾਰ ਨੂੰ ਮੰਦਰ ਪ੍ਰਬੰਧਨ ਨੇ ਕੰਟੀਨ ਬੰਦ ਕਰ ਦਿੱਤੀ ਅਤੇ ਕਿਹਾ ਕਿ ਇਸ ਲਈ ਬਾਹਰ ਤੋਂ ਸੇਵਾਵਾਂ ਲਈਆਂ ਜਾਣਗੀਆਂ। ਬੜਸਰ ਦੇ ਸਬ-ਡਿਵੀਜ਼ਨ ਮੈਜਿਸਟਰੇਟ ਰਾਜਿੰਦਰ ਗੌਤਮ ਨੇ ਕਿਹਾ ਕਿ ਟਰੱਸਟ ਮੰਦਰ ਦੀ ਇਕ ਕੰਟੀਨ ਦੀਆਂ ਸੇਵਾਵਾਂ ਪਹਿਲਾਂ ਹੀ 'ਆਊਟਸੋਰਸ' ਕੀਤੀਆਂ ਜਾ ਚੁੱਕੀਆਂ ਹਨ। ਦੂਜੀ ਕੰਟੀਨ ਦੀਆਂ ਸੇਵਾਵਾਂ 'ਆਊਟਸੋਰਸ' ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਗੌਤਮ.ਬਾਬਾ ਬਾਲਕ ਨਾਥ ਮੰਦਰ ਟਰੱਸਟ, ਦਿਓਟਸਿੱਧ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਕੰਟੀਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਬਾਹਰੀ ਸੇਵਾਵਾਂ ਲੈਣ ਲਈ ਟੈਂਡਰ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਦੋ ਮਹੀਨੇ ਪਹਿਲਾਂ ਫੂਡ ਸੇਫਟੀ ਵਿਭਾਗ ਨੇ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਦੁਕਾਨ 'ਤੇ ਪ੍ਰਸ਼ਾਦ ਵਜੋਂ ਵੇਚੀ ਜਾ ਰਹੇ ਰੋਟ ਦੇ ਨਮੂਨੇ ਟੈਸਟ ਲਈ ਸੋਲਨ ਜ਼ਿਲ੍ਹੇ ਦੇ ਕੰਡਾਘਾਟ ਸਥਿਤ 'ਕੰਪੋਜ਼ਿਟ ਟੈਸਟਿੰਗ ਲੈਬਾਰਟਰੀ' ਨੂੰ ਭੇਜੇ ਸਨ। ਇਹ ਨਮੂਨੇ ਖਾਣ ਲਾਇਕ ਨਹੀਂ ਪਾਏ ਗਏ। ਇਕ ਨਿੱਜੀ ਦੁਕਾਨ ਤੋਂ ਲਏ ਗਏ ‘ਰੋਟ’ ਦੇ ਸੈਂਪਲ ਵੀ ਨੈਗੇਟਿਵ ਆਏ ਹਨ। 'ਰੋਟ' ਬਣਾਉਣ ਲਈ ਕਣਕ ਦਾ ਆਟਾ, ਚੀਨੀ ਅਤੇ ਦੇਸੀ ਘਿਓ ਜਾਂ ਬਨਸਪਤੀ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਮੰਦਰ ਟਰੱਸਟ ਵੱਲੋਂ ਪ੍ਰਸਾਦ ਵੇਚਣ ਵਾਲੀ ਮੁੱਖ ਕੈਂਟੀਨ ਸ਼ੁਰੂ ਤੋਂ ਹੀ ਚਲਾਈ ਜਾ ਰਹੀ ਸੀ ਅਤੇ ਇਸ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ।
ਦੱਸ ਦੇਈਏ ਕਿ ਹਰ ਸਾਲ ਲਗਭਗ 50-75 ਲੱਖ ਸ਼ਰਧਾਲੂ ਬਾਬਾ ਬਾਲਕ ਨਾਥ ਦੇ ਪ੍ਰਾਚੀਨ ਗੁਫਾ ਮੰਦਰ ਦੇ ਦਰਸ਼ਨ ਕਰਦੇ ਹਨ। ਉਹ ਬਾਬਾ ਬਾਲਕ ਨਾਥ ਨੂੰ 'ਰੋਟ', ਮਠਿਆਈਆਂ ਅਤੇ ਹੋਰ ਚੀਜ਼ਾਂ 'ਪ੍ਰਸ਼ਾਦ' ਵਜੋਂ ਭੇਟ ਕਰਦੇ ਹਨ। ਹਮੀਰਪੁਰ ਦੇ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਭੋਜਨ ਸੁਰੱਖਿਆ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰੋਟ ਅਤੇ ਪ੍ਰਸ਼ਾਦ ਵੇਚਣ ਵਾਲਿਆਂ ਲਈ ਕੈਂਪ ਲਗਾਏ ਜਾਣਗੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਦਰ ਤੋਂ ਪ੍ਰਸ਼ਾਦ ਦੇ ਨਮੂਨਿਆਂ ਦੀ ਜਾਂਚ ਰਿਪੋਰਟਾਂ ਦੇ ਵੇਰਵੇ ਮੰਗੇ ਹਨ ਅਤੇ ਹਮੀਰਪੁਰ ਦੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਨੂੰ ਮਿਆਰੀ ਰੋਟ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।