ਸ਼ਿਮਲਾ : ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਮਹਿਮਾਨਾਂ ਦੀ ਘੱਟ ਗਿਣਤੀ ਕਾਰਨ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ (ਐੱਚਪੀਟੀਡੀਸੀ) ਦੇ 9 ਹੋਟਲ ਬੰਦ ਕਰਨ ਦੇ ਸਿੰਗਲ ਬੈਂਚ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਜੱਜ ਵਿਵੇਕ ਸਿੰਘ ਠਾਕੁਰ ਅਤੇ ਜੱਜ ਰਾਕੇਸ਼ ਕੈਂਥਲਾ ਦੀ ਬੈਂਚ ਨੇ ਸਿੰਗਲ ਬੈਂਚ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਨਿਗਮ ਦੀ ਪਟੀਸ਼ਨ 'ਚ ਸੁਣਵਾਈ ਤੋਂ ਬਾਅਦ ਇਹ ਅੰਤਰਿਮ ਆਦੇਸ਼ ਸੋਮਵਾਰ ਨੂੰ ਪਾਸ ਕੀਤਾ। ਮਾਮਲੇ 'ਚ ਅੱਗੇ ਦੀ ਸੁਣਵਾਈ ਲਈ ਤਿੰਨ ਜਨਵਰੀ ਦੀ ਤਾਰੀਖ਼ ਤੈਅ ਕੀਤੀ ਗਈ ਹੈ।
ਜੱਜ ਅਜੇ ਮੋਹਨ ਗੋਇਲ ਦੀ ਸਿੰਗਲ ਬੈਂਚ ਨੇ 18 ਐੱਚਪੀਟੀਡੀਸੀ ਹੋਟਲ ਨੂੰ ਮਹਿਮਾਨਾਂ ਦੀ ਘੱਟ ਗਿਣਤੀ ਕਾਰਨ 25 ਨਵੰਬਰ ਤੱਕ ਬੰਦ ਕਰਨ ਦਾ 19 ਨਵੰਬਰ ਨੂੰ ਆਦੇਸ਼ ਦਿੱਤਾ ਸੀ। ਫਿਲਹਾਲ, ਅਦਾਲਤ ਨੇ ਰਾਜ ਦੇ ਸੈਰ-ਸਪਾਟਾ ਵਿਭਾਗ ਨੂੰ 18 'ਚੋਂ 9 ਹੋਟਲ ਨੂੰ 31 ਮਾਰਚ 2025 ਤੱਕ ਚਲਾਉਣ ਦੀ 22 ਨਵੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਐੱਚਪੀਟੀਡੀਸੀ ਨੇ 19 ਨਵੰਬਰ ਦੇ ਆਦੇਸ਼ ਨੂੰ ਵਾਪਸ ਲੈਣ ਜਾਂ ਸੋਧ ਕਰਨ ਦੀ ਅਪੀਲ ਕਰਦੇ ਹੋਏ ਇਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਨਿਗਮ ਇਹ ਯਕੀਨੀ ਕਰਨ ਲਈ ਗੰਭੀਰ ਕਦਮ ਚੁੱਕ ਰਿਹਾ ਹੈ ਕਿ ਉਸ ਦੀਆਂ ਜਾਇਦਾਦਾਂ ਦਾ ਵੱਧ ਤੋਂ ਵੱਧ ਉਪਯੋਗ ਹੋ ਸਕੇ।