ਚੰਡੀਗੜ੍ਹ : ਹਰਿਆਣਾ ਦੇ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਨੂੰ ਦੱਸਿਆ ਕਿ 'ਲਾਡੋ ਲਕਸ਼ਮੀ ਯੋਜਨਾ' ਤਹਿਤ ਔਰਤਾਂ ਨੂੰ 2100 ਰੁਪਏ ਮਹੀਨਾਵਾਰ ਸਹਾਇਤਾ ਪ੍ਰਦਾਨ ਕਰਨ ਦਾ ਮੁੱਦਾ ਵਿਚਾਰ ਅਧੀਨ ਹੈ ਅਤੇ ਹਰਿਆਣਾ ਸਰਕਾਰ ਜਲਦੀ ਹੀ ਇਸ 'ਤੇ ਫ਼ੈਸਲਾ ਲਵੇਗੀ। ਦੱਸਣਯੋਗ ਹੈ ਕਿ ਅਕਤੂਬਰ 2024 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸੱਤਾ 'ਚ ਪਰਤਣ 'ਤੇ ਔਰਤਾਂ ਨੂੰ ਹਰ ਮਹੀਨੇ ਇਹ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ।
ਵਿਧਾਨ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਕਾਂਗਰਸ ਵਿਧਾਇਕ ਪੂਜਾ ਨੇ ਸਰਕਾਰ ਤੋਂ ਜਾਣਨਾ ਚਾਹਿਆ ਕਿ ਸੂਬੇ ਦੀਆਂ ਔਰਤਾਂ ਨੂੰ ਮਹੀਨਾਵਾਰ ਰਾਸ਼ੀ ਕਦੋਂ ਤੱਕ ਦਿੱਤੀ ਜਾਵੇਗੀ। ਆਪਣੇ ਜਵਾਬ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਭਾਜਪਾ ਦੇ ਚੋਣਾਵੀ ਵਾਅਦੇ ਦਾ ਜ਼ਿਕਰ ਕੀਤਾ ਅਤੇ ਸਦਨ ਨੂੰ ਦੱਸਿਆ ਕਿ ਇਹ ਵਿਚਾਰ ਅਧੀਨ ਹੈ ਅਤੇ ਸਰਕਾਰ ਜਲਦੀ ਹੀ ਇਸ 'ਤੇ ਫੈਸਲਾ ਲਵੇਗੀ। ਇਸ 'ਤੇ ਕਾਂਗਰਸ ਵਿਧਾਇਕ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਸਦਨ ਵਿਚ ਇਸ ਤਰ੍ਹਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ। ਕੀ ਇਹ ਹੀ ਸਰਕਾਰ ਦੀ ਗੰਭੀਰਤਾ ਹੈ? ਚੋਣਾਂ ਦੌਰਾਨ ਇਹ ਔਰਤਾਂ ਨਾਲ ਭਾਜਪਾ ਦਾ ਪਹਿਲਾ ਵਾਦਆ ਸੀ। ਉਨ੍ਹਾਂ ਨੇ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਗੱਲ ਆਖੀ ਸੀ।