ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਕਾਰਜਕਾਰੀ ਬੋਰਡ ਦੀ ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ਨੂੰ ਲੈ ਕੇ ਬੁਲਾਈ ਗਈ ਐਮਰਜੈਂਸੀ ਮੀਟਿੰਗ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ ਕਿਉਂਕਿ ਪਾਕਿਸਤਾਨ ‘ਹਾਈਬ੍ਰਿਡ ਮਾਡਲ’ ਵਿਚ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਨਹੀਂ ਕਰਨਾ ਚਾਹੁੰਦਾ।
ਮੀਟਿੰਗ ਸ਼ਨੀਵਾਰ ਨੂੰ ਫਿਰ ਤੋਂ ਹੋਵੇਗੀ। ਮੀਟਿੰਗ ਬੇਨਤੀਜਾ ਰਹੀ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਮੋਹਸਿਨ ਨਕਵੀ ਨੇ ਸਪੱਸ਼ਟ ਕੀਤਾ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਦੌਰੇ ਲਈ ਆਪਣੀ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਉਸ ਨੂੰ ‘ਹਾਈਬ੍ਰਿਡ ਮਾਡਲ’ ਮਨਜ਼ੂਰ ਨਹੀਂ ਹੈ।
ਹਾਈਬ੍ਰਿਡ ਮਾਡਲ ਦੇ ਅਨੁਸਾਰ ਭਾਰਤੀ ਟੀਮ ਪ੍ਰਤੀਯੋਗਿਤਾ ਦੇ ਆਪਣੇ ਮੈਚ ਕਿਸੇ ਹੋਰ ਸਥਾਨ ’ਤੇ ਖੇਡਦੀ ਹੈ। ਆਈ. ਸੀ. ਸੀ. ਦੇ ਫੁੱਲ ਮੈਂਬਰ ਦੇਸ਼ ਦੇ ਅਧਿਕਾਰੀ ਤੇ ਬੋਰਡ ਦੇ ਮੈਂਬਰ ਨੇ ਕਿਹਾ, ‘‘ਕਾਰਜਕਾਰੀ ਬੋਰਡ ਦੀ ਅੱਜ ਸੰਖੇਪ ਮੀਟਿੰਗ ਹੋਈ। ਸਾਰੇ ਪੱਖ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੇ ਹਾਂ-ਪੱਖੀ ਹੱਲ ਲਈ ਕੰਮ ਕਰ ਰਹੇ ਹਨ। ਉਮੀਦ ਹੈ ਕਿ ਬੋਰਡ ਸ਼ਨੀਵਾਰ ਨੂੰ ਫਿਰ ਤੋਂ ਮੀਟਿੰਗ ਕਰੇਗਾ ਤੇ ਹੱਲ ਕੱਢਣ ਤੱਕ ਇਸ ਨੂੰ ਜਾਰੀ ਰੱਖੇਗਾ।’’
ਨਕਵੀ ਨੇ ਮੀਟਿੰਗ ਵਿਚ ਵਿਅਕਤੀਗਤ ਰੂਪ ਨਾਲ ਹਿੱਸਾ ਲਿਆ ਕਿਉਂਕਿ ਉਹ ਪਾਕਿਸਤਾਨ ਦਾ ਪੱਖ ਰੱਖਣ ਲਈ ਵੀਰਵਾਰ ਤੋਂ ਦੁਬਾਈ ਵਿਚ ਡਟਿਆ ਹੋਇਆ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦਾ ਸਕੱਤਰ ਜੈ ਸ਼ਾਹ ਮੀਟਿੰਗ ਵਿਚ ਆਨਲਾਈਨ ਸ਼ਾਮਲ ਹੋਇਆ। ਸ਼ਾਹ 1 ਦਸੰਬਰ ਨੂੰ ਆਈ. ਸੀ. ਸੀ. ਚੇਅਰਮੈਨ ਦਾ ਅਹੁਦਾ ਸੰਭਾਲੇਗਾ।