ਅੱਜ ਦੇ ਸਮੇਂ ’ਚ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਸ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਕ ਖੋਜ ਦੇ ਨਤੀਜੇ ਨੇ ਇਸ ਨੂੰ ਸੰਤੁਲਿਤ ਰੱਖਣ ਦੇ ਬਹੁਤ ਸੌਖਾ ਹੱਲ ਸਾਹਮਣੇ ਲਿਆਂਦੇ ਹਨ। ਇਹ ਪਾਇਆ ਗਿਆ ਹੈ ਕਿ ਕੇਲਾ ਅਤੇ ਬ੍ਰੋਕਲੀ ਜੋ ਕਿ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ, ਤੁਹਾਡੇ ਹਾਈਪਰਟੈਨਸ਼ਨ ਨੂੰ ਕੰਟਰੋਲ ਕਰਨ ’ਚ ਬਹੁਤ ਮਦਦਗਾਰ ਹੁੰਦੇ ਹਨ।
ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਖੁਰਾਕ ’ਚ ਪੋਟਾਸ਼ੀਅਮ ਅਤੇ ਸੋਡੀਅਮ ਦੀ ਮਾਤਰਾ ਦੇ ਅਨੁਪਾਤ ਨੂੰ ਵਧਾਉਣਾ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟ੍ਰੋਲ ਕਰਨ ਲਈ ਸੋਡੀਅਮ ਦੀ ਮਾਤਰਾ ਨੂੰ ਘਟਾਉਣ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਪ੍ਰੋਫੈਸਰ ਅਨੀਤਾ ਲੇਟਨ ਨੇ ਕਿਹਾ ਕਿ ਆਮ ਤੌਰ 'ਤੇ ਜਦੋਂ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ, ਤਾਂ ਸਾਨੂੰ ਘੱਟ ਨਮਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਖੋਜ ਨੇ ਦਿਖਾਇਆ ਹੈ ਕਿ ਆਪਣੀ ਖੁਰਾਕ ’ਚ ਵਧੇਰੇ ਪੋਟਾਸ਼ੀਅਮ ਨਾਲ ਭਰਪੂਰ ਭੋਜਨ, ਜਿਵੇਂ ਕਿ ਕੇਲਾ ਜਾਂ ਬ੍ਰੋਕਲੀ, ਸ਼ਾਮਲ ਕਰਨ ਨਾਲ ਸੋਡੀਅਮ ਘਟਾਉਣ ਨਾਲੋਂ ਤੁਹਾਡੇ ਬਲੱਡ ਪ੍ਰੈਸ਼ਰ 'ਤੇ ਵਧੇਰੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਪੋਟਾਸ਼ੀਅਮ ਅਤੇ ਸੋਡੀਅਮ ਦੋਵੇਂ ਇਲੈਕਟ੍ਰੋਲਾਈਟਸ ਹਨ। ਇਹ ਉਹ ਪਦਾਰਥ ਹਨ ਜੋ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਬਿਜਲੀ ਦੇ ਸੰਕੇਤ ਭੇਜਣ ’ਚ ਮਦਦ ਕਰਦੇ ਹਨ। ਸਰੀਰ ’ਚ ਪਾਣੀ ਦੀ ਮਾਤਰਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਹੋਰ ਜ਼ਰੂਰੀ ਕਾਰਜ ਕਰਦਾ ਹੈ।