ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਾਂਗਰਸ 'ਤੇ ਦੋਸ਼ ਲਗਾਇਆ ਕਿ ਪਾਰਟੀ ਦਾ ਇਤਿਹਾਸ ਟੁੱਟੇ ਵਾਅਦਿਆਂ ਨਾਲ ਭਰਿਆ ਹੋਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਇਸ ਨੂੰ ਸੱਤਾ ਵਿਚ ਲਿਆ ਕੇ ਇਸ ਦੀ ਕੀਮਤ ਚੁਕਾ ਰਹੇ ਹਨ। ਮਹਾਰਾਸ਼ਟਰ 'ਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪ੍ਰਚਾਰ ਮੁਹਿੰਮ ਲਈ ਅਨੁਰਾਗ ਸੂਬੇ 'ਚ ਮੌਜੂਦ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਮਹਾਰਾਸ਼ਟਰ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਮਹਾਯੁਤੀ ਨੂੰ ਵੋਟ ਪਾਉਣ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਨੇਤਾ ਨੇ ਮਹਾਯੁਤੀ ਦੁਆਰਾ ਕੀਤੇ ਗਏ ਵਿਕਾਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਇੱਕੋ ਇੱਕ ਵਿਕਲਪ ਹੈ ਜੋ ਇਮਾਨਦਾਰ ਸ਼ਾਸਨ ਅਤੇ ਲਗਾਤਾਰ ਤਰੱਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਿਮਾਚਲ ਪ੍ਰਦੇਸ਼ ਦੇ ਨਾਗਰਿਕਾਂ ਦੇ ਵਿਕਾਸ ਲਈ ਗਾਰੰਟੀ ਦੀ ਲੰਮੀ ਸੂਚੀ ਨਾਲ ਸੱਤਾ 'ਚ ਆਈ ਸੀ ਅਤੇ ਇਸ ਦੇ ਸ਼ਾਸਨ ਦੇ ਕਈ ਮਹੀਨਿਆਂ ਬਾਅਦ ਵੀ ਲੋਕ ਇਨ੍ਹਾਂ ਵਾਅਦਿਆਂ ਬਾਰੇ ਸੋਚ ਰਹੇ ਹਨ ਕਿ ਉਹ ਕਦੋਂ ਪੂਰੇ ਹੋਣਗੇ। ਅਨੁਰਾਗ ਠਾਕੁਰ ਨੇ ਕਿਹਾ ਕਿ ਅਜਿਹੀ ਇਕ ਵੀ ਪਾਰਟੀ ਨਹੀਂ ਹੈ, ਜਿਸ ਨੂੰ ਕਾਂਗਰਸ ਨੇ ਕਦੇ ਧੋਖਾ ਨਾ ਦਿੱਤਾ ਹੋਵੇ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ,''ਕਾਂਗਰਸ ਦਾ ਇਤਿਹਾਸ ਟੁੱਟੇ ਵਾਅਦਿਆਂ ਅਤੇ ਝੂਠੇ ਭਰੋਸਿਆਂ ਨਾਲ ਭਰਿਆ ਪਿਆ ਹੈ ਅਤੇ ਇਸ ਵਾਰ ਹਿਮਾਚਲ ਪ੍ਰਦੇਸ਼ ਇਸ ਦੀ ਕੀਮਤ ਚੁੱਕਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਹਿਮਾਚਲ ਪ੍ਰਦੇਸ਼ 'ਚ ਸਬਸਿਡੀ ਵਾਲੀ ਬਿਜਲੀ, ਔਰਤਾਂ ਲਈ ਵਿੱਤੀ ਮਦਦ, ਸਸਤਾ ਦੁੱਧ ਅਤੇ ਰੁਜ਼ਗਾਰ ਸਿਰਜਣ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਸੀ ਪਰ ਕਾਂਗਰਸ ਦੇ ਸ਼ਾਸਨ ਦੇ ਕੁਝ ਮਹੀਨਿਆਂ ਬਾਅਦ ਹੀ ਹਿਮਾਚਲ ਦੇ ਲੋਕ ਹੈਰਾਨ ਹਨ ਕਿ ਇਹ ਵਾਅਦੇ ਕਿੱਥੇ ਚਲੇ ਗਏ। ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ 'ਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਸ ਦੀ ਸਰਕਾਰ ਨੇ ਬਿਜਲੀ ਦੀ ਖਪਤ 'ਤੇ ਟੈਕਸ ਲਗਾ ਕੇ ਭਾਜਪਾ ਦੀ 125 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਨੂੰ ਵੀ ਰੋਕ ਦਿੱਤਾ। ਕਾਂਗਰਸ ਦੇ ਮੈਨੀਫੈਸਟੋ 'ਚ ਔਰਤਾਂ ਨੂੰ ਹਰ ਮਹੀਨੇ 1,500 ਰੁਪਏ ਦੀ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨਾਲ ਰਾਜ ਭਰ ਦੀਆਂ 23 ਲੱਖ ਔਰਤਾਂ ਨੂੰ ਇਸ ਦਾ ਲਾਭ ਮਿਲਣ ਦਾ ਦਾਅਵਾ ਕੀਤਾ ਗਿਆ ਸੀ ਪਰ ਠਾਕੁਰ ਨੇ ਦਾਅਵਾ ਕੀਤਾ ਕਿ ਜ਼ਮੀਨੀ ਪੱਧਰ 'ਤੇ ਇਕ ਵੀ ਰੁਪਿਆ ਨਹੀਂ ਮਿਲਿਆ ਹੈ। ਅਨੁਰਾਗ ਠਾਕੁਰ ਨੇ ਦੋਸ਼ ਲਗਾਇਆ ਕਿ ਉੱਤਰੀ ਰਾਜ 'ਚ 5 ਲੱਖ ਨੌਕਰੀਆਂ ਸਿਰਜਣ ਦਾ ਕਾਂਗਰਸ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਹੈ ਅਤੇ ਇਹ ਸਿਰਫ਼ ਕਾਗਜ਼ਾਂ 'ਤੇ ਲਿਖੀਆਂ ਗੱਲਾਂ ਹਨ।