ਪਾਨੀਪਤ : ਹਰਿਆਣਾ ਦੇ ਪਾਨੀਪਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਲਈ 'ਬੀਮਾ ਸਖੀ ਯੋਜਨਾ' ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਹੋਰ ਵੀ ਵਜ੍ਹਾ ਤੋਂ ਖ਼ਾਸ ਹੈ। ਅੱਜ 9 ਤਾਰੀਖ਼ ਹੈ। ਸ਼ਾਸਤਰਾਂ ਵਿਚ 9 ਅੰਕ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। 9 ਅੰਕ ਨਵਦੁਰਗਾ ਦੀਆਂ 9 ਸ਼ਕਤੀਆਂ ਨਾਲ ਜੁੜਿਆ ਹੈ। ਅੱਜ ਦਾ ਦਿਨ ਨਾਰੀ ਸ਼ਕਤੀ ਦੀ ਉਪਾਸਨਾ ਵਰਗਾ ਹੀ ਹੈ।
ਅੱਜ ਹੀ 9 ਦਸੰਬਰ ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ। ਅਜਿਹੇ ਸਮੇਂ ਜਦੋਂ ਦੇਸ਼ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਦੁਨੀਆ ਨੂੰ ਨੈਤਿਕਤਾ ਅਤੇ ਧਰਮ ਦਾ ਗਿਆਨ ਦੇਣ ਵਾਲੀ ਮਹਾਨ ਧਰਤੀ 'ਤੇ ਅੱਜ ਆਉਣਾ ਹੋਰ ਵੀ ਸੁਖਦ ਹੈ। ਇਸ ਸਮੇਂ ਕੁਰੂਕਸ਼ੇਤਰ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਵੀ ਚੱਲ ਰਿਹਾ ਹੈ। ਮੈਂ ਗੀਤਾ ਦੀ ਇਸ ਧਰਤੀ ਨੂੰ ਸਲਾਮ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਪੂਰੇ ਹਰਿਆਣਾ ਦੇ ਦੇਸ਼ ਭਗਤ ਲੋਕਾਂ ਨੂੰ ਸਲਾਮ ਕਰਦਾ ਹਾਂ। ਜਿਸ ਤਰ੍ਹਾਂ ਹਰਿਆਣਾ ਨੇ ‘ਇਕ ਹਾਂ ਤਾਂ ਸੇਫ ਹਾਂ’ ਦਾ ਮੰਤਰ ਅਪਣਾਇਆ ਹੈ, ਉਹ ਦੇਸ਼ ਵਿਚ ਮਿਸਾਲ ਬਣ ਗਿਆ ਹੈ। ਸੈਣੀ ਦੀ ਸਰਕਾਰ ਬਣੀ ਨੂੰ ਅਜੇ ਕੁਝ ਹਫ਼ਤੇ ਹੀ ਹੋਏ ਹਨ ਪਰ ਦੇਸ਼ ਭਰ ਵਿਚ ਇਸ ਦੀ ਸ਼ਲਾਘਾ ਹੋ ਰਹੀ ਹੈ।
ਨਾਇਬ ਸੈਣੀ ਦੀ ਪੂਰੇ ਦੇਸ਼ 'ਚ ਪ੍ਰਸ਼ੰਸਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ, ਇਸ ਦੇ ਲਈ ਮੈਂ ਹਰਿਆਣਾ ਦੇ ਹਰ ਪਰਿਵਾਰ ਦੇ ਮੈਂਬਰ ਨੂੰ ਸਲਾਮ ਕਰਦਾ ਹਾਂ। ਸੈਣੀ ਦੀ ਨਵੀਂ ਸਰਕਾਰ ਬਣੇ ਨੂੰ ਅਜੇ ਕੁਝ ਹਫ਼ਤੇ ਹੀ ਹੋਏ ਹਨ ਅਤੇ ਦੇਸ਼ ਭਰ ਵਿਚ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਸਰਕਾਰ ਬਣਨ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਪਰਚੀ ਅਤੇ ਬਿਨਾਂ ਕਿਸੇ ਖਰਚੇ ਦੇ ਪੱਕੀ ਨੌਕਰੀਆਂ ਮਿਲੀਆਂ ਹਨ, ਉਹ ਦੇਸ਼ ਨੇ ਦੇਖਿਆ ਹੈ। ਹੁਣ ਡਬਲ ਇੰਜਣ ਵਾਲੀ ਸਰਕਾਰ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਚੋਣਾਂ ਦੌਰਾਨ ਤੁਸੀਂ ਸਾਰੀਆਂ ਮਾਵਾਂ-ਭੈਣਾਂ ਨੇ 'ਹਮਾਰਾ ਹਰਿਆਣਾ, ਨਾਨ ਸਟਾਪ ਹਰਿਆਣਾ' ਦਾ ਨਾਅਰਾ ਦਿੱਤਾ ਸੀ। ਅਸੀਂ ਸਾਰਿਆਂ ਨੇ ਉਸ ਨਾਅਰੇ ਨੂੰ ਆਪਣਾ ਸੰਕਲਪ ਬਣਾਇਆ ਹੈ। ਇਸੇ ਸੰਕਲਪ ਨਾਲ ਮੈਂ ਅੱਜ ਸਾਰਿਆਂ ਨੂੰ ਮਿਲਣ ਆਇਆ ਹਾਂ।