ਆਈ.ਪੀ.ਐੱਲ. 2025 'ਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣਾ ਪਹਿਲਾ ਮੁਕਾਬਲਾ ਜਿੱਤ ਕੇ ਅੱਗੇ ਵਧੀ ਚੇਨਈ ਸੁਪਰ ਕਿੰਗਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਖ਼ਮੀ ਤੇਜ਼ ਗੇਂਦਬਾਜ਼ ਮਥੀਸ਼ਾ ਪਥਿਰਾਣਾ ਦਾ ਅੱਜ ਰਾਇਲ ਚੈਲੰਜਰਜ਼ ਬੰਗਲੁਰੂ ਦੇ ਖ਼ਿਲਾਫ਼ ਖੇਡਣਾ ਮੁਸ਼ਕਲ ਜਾਪ ਰਿਹਾ ਹੈ।
ਪਥਿਰਾਣਾ ਇਸ ਤੋਂ ਪਹਿਲਾਂ ਮੁੰਬਈ ਖ਼ਿਲਾਫ਼ ਹੋਏ ਪਹਿਲੇ ਮੁਕਾਬਲੇ 'ਚ ਵੀ ਖੇਡ ਨਹੀਂ ਸਕੇ ਸੀ। ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੰਦਿਆਂ ਟੀਮ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਪਥਿਰਾਣਾ ਦਾ ਆਰ.ਸੀ.ਬੀ. ਖ਼ਿਲਾਫ਼ ਖੇਡਣਾ ਮੁਸ਼ਕਲ ਲੱਗਦਾ ਹੈ।
ਜ਼ਿਕਰਯੋਗ ਹੈ ਕਿ ਚੇਨਈ ਦੇ ਸਟਾਰ ਗੇਂਦਬਾਜ਼ ਮਥੀਸ਼ ਪਥਿਰਾਣਾ ਹੈਮਸਟ੍ਰਿੰਗ ਦੀ ਸੱਟ ਕਾਰਨ ਪਿਛਲੇ ਸੀਜ਼ਨ ਦੌਰਾਨ ਹੀ ਬਾਹਰ ਹੋ ਗਏ ਸਨ। ਪਰ ਚੇਨਈ ਮੈਨਜਮੈਂਟ ਨੇ ਉਨ੍ਹਾਂ 'ਤੇ ਭਰੋਸਾ ਕਰਨਾ ਨਹੀਂ ਛੱਡਿਆ ਤੇ ਉਨ੍ਹਾਂ ਨੂੰ ਰਿਟੇਨ ਕਰ ਕੇ ਟੀਮ 'ਚ ਜਗ੍ਹਾ ਦਿੱਤੀ।
ਕੋਚ ਫਲੇਮਿੰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਹੁਣ ਤੇਜ਼ੀ ਨਾਲ ਰਿਕਵਰ ਕਰ ਰਹੇ ਹਨ ਤੇ ਉਮੀਦ ਹੈ ਕਿ ਉਹ ਛੇਤੀ ਹੀ ਮੈਦਾਨ 'ਤੇ ਵਾਪਸੀ ਕਰਨਗੇ, ਪਰ ਅੱਜ ਆਰ.ਸੀ.ਬੀ. ਖਿਲਾਫ਼ ਉਨ੍ਹਾਂ ਦਾ ਖੇਡਣਾ ਸ਼ੱਕੀ ਜਾਪਦਾ ਹੈ।
ਆਈ.ਪੀ.ਐੱਲ. 'ਚ 2022 ਤੋਂ ਚੇਨਈ ਨਾਲ ਜੁੜੇ ਸ਼੍ਰੀਲੰਕਾ ਦੇ ਨੌਜਵਾਨ ਤੇਜ਼ ਗੇਂਦਬਾਜ਼ ਪਥਿਰਾਣਾ ਨੂੰ ਡੈੱਥ ਓਵਰ ਸਪੈਸ਼ਲਿਸਟ ਮੰਨਿਆ ਜਾਂਦਾ ਹੈ, ਜੋ ਕਿ ਆਪਣੀਆਂ ਸਟੀਕ ਯਾਰਕਰ ਗੇਂਦਾਂ ਲਈ ਮਸ਼ਹੂਰ ਹੈ। ਸਾਲ 2023 'ਚ ਆਈ.ਪੀ.ਐੱਲ. 'ਚ ਚੇਨਈ ਵੱਲੋਂ ਖੇਡਦੇ ਹੋਏ ਉਨਾਂ ਨੇ ਕੁੱਲ 19 ਵਿਕਟਾਂ ਲੈ ਕੇ ਸਭ ਨੂੰ ਪ੍ਰਭਾਵਿਤ ਕੀਤਾ ਸੀ। ਉਹ ਹੁਣ ਤੱਕ ਆਪਣੇ ਆਈ.ਪੀ.ਐੱਲ. ਕਰੀਅਰ 'ਚ 20 ਮੈਚ ਖੇਡ ਚੁੱਕੇ ਹਨ, ਜਿਨ੍ਹਾਂ 'ਚ ਉਹ 34 ਵਿਕਟਾਂ ਲੈ ਚੁੱਕੇ ਹਨ।