ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਦੇ ਪ੍ਰਮੁੱਖ ਸ਼ੰਮੀ ਸਿਲਵਾ ਦੀ ਜਗ੍ਹਾ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ.ਸੀ.ਸੀ.) ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ।
ਏ.ਸੀ.ਸੀ. ਪ੍ਰਧਾਨ ਦਾ ਅਹੁਦਾ ਮੈਂਬਰ ਦੇਸ਼ਾਂ ਵਿਚਾਲੇ ਵਾਰੀ-ਵਾਰੀ ਨਾਲ ਬਦਲਦਾ ਰਹਿੰਦਾ ਹੈ ਅਤੇ ਹੁਣ ਪਾਕਿਸਤਾਨ ਦੀ ਵਾਰੀ ਹੈ। ਨਕਵੀ 2027 ਤੱਕ ਪ੍ਰਧਾਨ ਬਣੇ ਰਹਿਣਗੇ। ਨਕਵੀ ਦੀ ਪਹਿਲੀ ਚੁਣੌਤੀ ਪੁਰਸ਼ਾਂ ਦੇ ਏਸ਼ੀਆ ਕੱਪ ਦਾ ਸਚਾਰੂ ਆਯੋਜਨ ਹੋਵੇਗਾ, ਜੋ ਟੀ-20 ਫਾਰਮੈਟ ’ਚ ਖੇਡਿਆ ਜਾਵੇਗਾ। ਟੂਰਨਾਮੈਂਟ ਸਤੰਬਰ ’ਚ ਆਯੋਜਿਤ ਕੀਤਾ ਜਾਣਾ ਹੈ ਪਰ ਆਯੋਜਨ ਵਾਲੀ ਥਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ’ਚ ਨਕਵੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੈਂ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਅਹੁਦੇ ’ਤੇ ਕਾਬਿਜ਼ ਹੋ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਖੇਡ ਦੇ ਵਿਕਾਸ ਅਤੇ ਸੰਸਾਰਕ ਪ੍ਰਭਾਵ ਨੂੰ ਵਧਾਉਣ ਲਈ ਸਾਰੇ ਮੈਂਬਰ ਬੋਰਡ ਨਾਲ ਕੰਮ ਕਰਨ ਲਈ ਵਚਨਵੱਧ ਹਾਂ। ਨਾਲ ਮਿਲ ਕੇ ਅਸੀਂ ਨਵੇਂ ਮੌਕਿਆਂ ਨੂੰ ਖੋਲ੍ਹਾਂਗੇ। ਜ਼ਿਆਦਾ ਸਹਿਯੋਗ ਨੂੰ ਬੜਾਵਾ ਦੇਵਾਂਗੇ ਅਤੇ ਏਸ਼ੀਆਈ ਕ੍ਰਿਕਟ ਨੂੰ ਉੱਚਾਈਆਂ ’ਤੇ ਲੈ ਕੇ ਜਾਵਾਂਗੇ।