ਕੋਲਕਾਤਾ : 3 ਵਿਚੋਂ 2 ਮੈਚ ਹਾਰ ਚੁੱਕੀ ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਪਿਛਲੇ ਸਾਲ ਫਾਈਨਲ ਖੇਡਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਵੀਰਵਾਰ ਨੂੰ ਆਈ. ਪੀ. ਐੱਲ. ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਜਿੱਤ ਦੀ ਰਾਹ ’ਤੇ ਪਰਤਣ ਦਾ ਹੋਵੇਗਾ।
ਕੇ. ਕੇ. ਆਰ. ਦੇ ਕਪਤਾਨ ਅਜਿੰਕਯ ਰਹਾਨੇ ਨੇ ਸੈਸ਼ਨ ਦੇ ਪਹਿਲੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਮਿਲੀ ਹਾਰ ਤੋਂ ਬਾਅਦ ਕਿਹਾ ਸੀ ਕਿ ਅਜੇ ਘਬਰਾਉਣ ਦੀ ਲੋੜ ਨਹੀਂ ਹੈ ਪਰ 3 ਮੈਚਾਂ ਵਿਚੋਂ 2 ਹਾਰ ਜਾਣ ਤੋਂ ਬਾਅਦ ਹੁਣ ਟੀਮ ਦਾ ਮਨੋਬਲ ਥੋੜਾ ਡਿੱਗ ਗਿਆ ਹੋਵੇਗਾ। ਪਿਛਲੇ ਸੈਸ਼ਨ ਵਿਚ ਕੇ. ਕੇ. ਆਰ. ਨੇ ਸਿਰਫ 3 ਮੈਚ ਗੁਆਏ ਸਨ। ਹੁਣ ਫੋਕਸ ਇਕ ਵਾਰ ਫਿਰ ਈਡਨ ਗਾਰਡਨ ਦੀ ਪਿੱਚ ’ਤੇ ਹੋਵੇਗਾ ਕਿਉਂਕਿ ਆਰ. ਸੀ. ਬੀ. ਹੱਥੋਂ 7 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਇਸਦੀ ਕਾਫੀ ਆਲੋਚਨਾ ਹੋਈ ਹੈ।
ਕੇ. ਕੇ. ਆਰ. ਦੇ ਸਾਬਕਾ ਸਲਾਮੀ ਬੱਲੇਬਾਜ਼ ਫਿਲ ਸਾਲਟ ਤੇ ਵਿਰਾਟ ਕੋਹਲੀ ਨੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ 51 ਗੇਂਦਾਂ ਵਿਚ 95 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਰ. ਸੀ. ਬੀ. ਨੂੰ ਜਿੱਤ ਦਿਵਾਈ ਸੀ। ਬੰਗਾਲ ਕ੍ਰਿਕਟ ਸੰਘ ’ਤੇ ਦਬਾਅ ਹੈ ਕਿ ਸਪਿੰਨਰਾਂ ਨਾਲ ਭਰੀ ਕੇ. ਕੇ. ਆਰ. ਟੀਮ ਦੇ ਅਨੁਕੂਲ ਪਿੱਚ ਬਣਵਾਈ ਜਾਵੇ। ਕੇ. ਕੇ. ਆਰ. ਕੋਲ ਸੁਨੀਲ ਨਾਰਾਇਣ, ਮੋਇਨ ਅਲੀ ਤੇ ਵਰੁਣ ਚੱਕਰਵਰਤੀ ਵਰਗੇ ਧਾਕੜ ਸਪਿੰਨਰ ਹਨ। ਪਿਛਲੇ ਮਹੀਨੇ ਚੈਂਪੀਅਨਜ਼ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਏ ਸਪਿੰਨਰ ਚੱਕਰਵਰਤੀ ਨੇ ਆਰ. ਸੀ. ਬੀ. ਵਿਰੁੱਧ 10.75 ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ ਹਨ।
ਰਿਪੋਰਟਾਂ ਦੀ ਮੰਨੀਏ ਤਾਂ ਈਡਨ ਗਾਰਡਨ ਦੇ ਪਿੱਚ ਕਿਊਰੇਟਰ ਸੁਜਨ ਮੁਖਰਜੀ ਨੇ ਪਹਿਲੇ ਮੈਚ ਵਿਚ ਸਪਿੰਨਰਾਂ ਲਈ ਮਦਦਗਾਰ ਪਿੱਚ ਬਣਾਉਣ ਦੀ ਕੇ. ਕੇ. ਆਰ. ਦੀ ਅਪੀਲ ਰੱਦ ਕਰ ਦਿੱਤੀ ਸੀ ਤੇ ਇਹ ਫੈਸਲਾ ਟੀਮ ’ਤੇ ਭਾਰੀ ਪੈ ਗਿਆ। ਚੱਕਰਵਰਤੀ ਨੇ ਉਸ ਮੈਚ ਵਿਚ 45 ਦੌੜਾਂ ਦਿੱਤੀਆਂ। ਮੁਖਰਜੀ ਨੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਪਰ ਹੁਣ ਕੈਬ ਮੁਖੀ ਸਨੇਹਾਸ਼ੀਸ ਗਾਂਗੁਲੀ ਖੁਦ ਕਿਊਰੇਟਰ ਦੇ ਨਾਲ ਪਿੱਚ ਦਾ ਮੁਆਇਨਾ ਕਰ ਰਹੇ ਹਨ, ਜਿਸ ਨਾਲ ਆਗਾਮੀ ਮੈਚਾਂ ਵਿਚ ਪਿੱਚ ਵਿਚ ਬਦਲਾਅ ਦੇਖਿਆ ਜਾ ਸਕਦਾ ਹੈ।
ਪਿੱਚ ਤੋਂ ਇਲਾਵਾ ਕੇ. ਕੇ. ਆਰ. ਟੀਮ ਸੁਮੇਲ ਨੂੰ ਲੈ ਕੇ ਵੀ ਕਾਫੀ ਸਵਾਲ ਹਨ। ਉਸਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿਚ ਤਾਲਮੇਲ ਨਜ਼ਰ ਨਹੀਂ ਆ ਰਿਹਾ ਹੈ ਤੇ ਸਟਾਰ ਖਿਡਾਰੀ ਚੱਲ ਨਹੀਂ ਰਹੇ ਹਨ। ਕੇ. ਕੇ. ਆਰ. ਨੇ ਜਿਹੜੇ ਚਾਰ ਖਿਡਾਰੀਆਂ ਨੂੰ ਨਿਲਾਮੀ ਤੋਂ ਪਹਿਲਾਂ ਰਿਲੀਜ਼ ਕੀਤਾ ਸੀ, ਉਨ੍ਹਾਂ ਸਾਰਿਆਂ ਨੇ ਆਈ. ਪੀ. ਐੱਲ. ਦੇ ਪਹਿਲੇ 10 ਦਿਨਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿਚ ਸਾਬਕਾ ਕਪਤਾਨ ਸ਼੍ਰੇਅਸ ਅਈਅਰ (ਪੰਜਾਬ ਕਿੰਗਜ਼), ਉਪ ਕਪਤਾਨ ਨਿਤਿਸ਼ ਰਾਣਾ (ਰਾਜਸਥਾਨ ਰਾਇਲਜ਼), ਫਿਲ ਸਾਲਟ (ਆਰ. ਸੀ. ਬੀ.) ਤੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (ਦਿੱਲੀ ਕੈਪੀਟਲਸ) ਸ਼ਾਮਲ ਹਨ। ਸਟਾਰਕ ਦੇ ਜਾਣ ਨਾਲ ਕੇ. ਕੇ. ਆਰ. ਦੀ ਤੇਜ਼ ਗੇਂਦਬਾਜ਼ੀ ਕਾਫੀ ਕਮਜ਼ੋਰ ਹੋਈ ਹੈ। ਉੱਥੇ ਹੀ, ਸਟਾਰਕ ਨੇ ਦਿੱਲੀ ਲਈ ਸਨਰਾਈਜ਼ਰਜ਼ ਵਿਰੁੱਧ 35 ਦੌੜਾਂ ਦੇ ਕੇ 5 ਵਿਕਟਾਂ ਲਈਆਂ।
ਸਟਾਰਕ ਦੀ ਜਗ੍ਹਾ ਆਇਆ ਸਪੈਂਸਰ ਜਾਨਸਨ ਪ੍ਰਭਾਵਿਤ ਨਹੀਂ ਕਰ ਸਕਿਆ ਜਦਕਿ ਐਨਰਿਕ ਨੋਰਤਜੇ ਸੱਟ ਕਾਰਨ ਬਾਹਰ ਹੈ। ਮੋਟੇ ਭਾਅ ’ਤੇ ਖਰੀਦਿਆ ਗਿਆ ਵੈਂਕਟੇਸ਼ ਅਈਅਰ 2 ਮੈਚਾਂ ਵਿਚ 9 ਦੌੜਾਂ ਹੀ ਬਣਾ ਸਕਿਆ ਹੈ। ਰਿਟੇਨ ਕੀਤੇ ਗਏ ਖਿਡਾਰੀਾਂ ਵਿਚ ਰਿੰਕੂ ਸਿੰਘ, ਆਂਦ੍ਰੇ ਰਸਲ, ਸੁਨੀਲ ਨਾਰਾਇਣ, ਹਰਸ਼ਿਤ ਰਾਣਾ ਤੇ ਰਮਨਦੀਪ ਸਿੰਘ ਫਾਰਮ ਵਿਚ ਨਹੀਂ ਹਨ।
ਉੱਥੇ ਹੀ, ਪਹਿਲੇ ਮੈਚ ਵਿਚ 6 ਵਿਕਟਾਂ ’ਤੇ 286 ਦੌੜਾਂ ਬਣਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਪਿਛਲੇ 2 ਮੈਚਾਂ ਵਿਚ 200 ਦੌੜਾਂ ਤੱਕ ਵੀ ਨਹੀਂ ਪਹੁੰਚ ਸਕੀ। ਬੇਹੱਦ ਹਮਲਾਵਰ ਬੱਲੇਬਾਜ਼ੀ ਦੀ ਰਣਨੀਤੀ ਅਸਫਲ ਰਹੀ ਹੈ ਤੇ ਪਿਛਲੇ ਦੋ ਮੈਚਾਂ ਵਿਚ ਲਖਨਊ ਸੁਪਰ ਜਾਇੰਟਸ ਤੇ ਦਿੱਲੀ ਕੈਪੀਟਲਸ ਨੇ ਉਸ ਨੂੰ ਹਰਾਇਆ। ਪੈਟ ਕਮਿੰਸ ਦੀ ਟੀਮ ਨੂੰ ਪਿਛਲੇ ਆਈ. ਪੀ. ਐੱਲ. ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਲੈਣ ਲਈ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਕਰਨਾ ਪਵੇਗਾ। ਈਡਨ ਗਾਰਡਨ ’ਤੇ ਕਮਿੰਸ ਤੇ ਮੁਹੰਮਦ ਸ਼ੰਮੀ ਖਤਰਨਾਕ ਹੋ ਸਕਦੇ ਹਨ। ਘਰੇਲੂ ਕ੍ਰਿਕਟ ਵਿਚ ਬੰਗਾਲ ਲਈ ਖੇਡਣ ਵਾਲੇ ਸ਼ੰਮੀ ਦਾ ਇਹ ਘਰੇਲੂ ਮੈਦਾਨ ਹੈ।
ਸੰਭਾਵਿਤ ਪਲੇਇੰਗ 11
ਕੋਲਕਾਤਾ : ਸੁਨੀਲ ਨਰਾਇਣ, ਕੁਇੰਟਨ ਡੀ ਕਾਕ (ਵਿਕਟਕੀਪਰ), ਅਜਿੰਕਿਆ ਰਹਾਣੇ, ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮੋਈਨ ਅਲੀ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਵੈਭਵ ਅਰੋੜਾ।
ਹੈਦਰਾਬਾਦ : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਨਿਤੀਸ਼ ਰੈੱਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਪੈਟ ਕਮਿੰਸ, ਹਰਸ਼ਲ ਪਟੇਲ, ਮੁਹੰਮਦ ਸ਼ੰਮੀ, ਰਾਹੁਲ ਚਾਹਰ/ਜੀਸ਼ਾਨ ਅੰਸਾਰੀ, ਐਡਮ ਜ਼ਾਂਪਾ