ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਦਾ ਕਹਿਰ ਹਾਲੇ ਰੁਕਿਆ ਨਹੀਂ ਕਿ ਅੱਜ ਇਕ ਵਾਰ ਫ਼ਿਰ ਤੋਂ ਮਿਆਂਮਾਰ 5.1 ਤੀਬਰਤਾ ਦੇ ਭੂਚਾਲ ਨਾਲ ਕੰਬ ਗਿਆ ਹੈ। ਇਸ ਵਾਰ ਇਹ ਭੂਚਾਲ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਆਇਆ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਤੋਂ ਮਿਆਂਮਾਰ ਲਗਾਤਾਰ ਭੂਚਾਲ ਦੇ ਝਟਕਿਆਂ ਦੀ ਮਾਰ ਹੇਠ ਹੈ। ਉੱਥੇ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਨੇ ਮਿਆਂਮਾਰ ਤੇ ਥਾਈਲੈਂਡ 'ਚ ਭਾਰੀ ਤਬਾਹੀ ਮਚਾਈ, ਜਿਸ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ 1,700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ 3,500 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਇਸ ਭੂਚਾਲ ਕਾਰਨ ਮਚੀ ਤਬਾਹੀ ਤੋਂ ਤਾਂ ਦੇਸ਼ ਪਹਿਲਾਂ ਹੀ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਰੁਕ-ਰੁਕ ਕੇ ਆ ਰਹੇ ਭੂਚਾਲ ਦੇ ਝਟਕੇ ਦੇਸ਼ ਦੇ ਲੋਕਾਂ ਨੂੰ ਮੁੜ-ਮੁੜ ਖ਼ਤਰੇ ਦਾ ਅਹਿਸਾਸ ਕਰਵਾ ਰਹੇ ਹਨ। ਦੇਸ਼ 'ਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ ਤੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੇਸ਼ 'ਚ ਇੰਟਰਨੈੱਟ ਤੇ ਬਿਜਲੀ ਸੇਵਾ ਵੀ ਠੱਪ ਹੋ ਚੁੱਕੀ ਹੈ। ਮਿਆਂਮਾਰ ਤੇ ਥਾਈਲੈਂਡ ਨੂੰ ਭਾਰਤ ਸਰਕਾਰ ਨੇ ਹਰ ਸੰਭਵ ਮਦਦ ਦਾ ਭਰੋਸਾ ਜਤਾਇਆ ਹੈ ਤੇ ਭਾਰਤ ਸਣੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵੱਲੋਂ ਰਾਹਤ ਸਮੱਗਰੀ ਵੀ ਭੇਜੀ ਜਾ ਰਹੀ ਹੈ।