ਨਵੀਂ ਦਿੱਲੀ : ਭਾਰਤੀ ਸੀ-ਫੂਡ ਬਰਾਮਦਕਾਰ ਅਮਰੀਕਾ ਨੂੰ 35,000-40,000 ਟਨ ਝੀਂਗਾ ਭੇਜਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ ਲਗਾਏ ਗਏ 26 ਫੀਸਦੀ ਪਰਸਪਰ ਟੈਰਿਫ ਤੋਂ 90 ਦਿਨਾਂ ਦੀ ਰਾਹਤ ਤੋਂ ਬਾਅਦ, ਹੁਣ ਵਸਤੂਆਂ ਦੀ ਬਰਾਮਦ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਟਰੰਪ ਨੇ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ’ਤੇ 10 ਫੀਸਦੀ ਦਾ ਬੇਸਲਾਈਨ ਟੈਰਿਫ ਬਰਕਰਾਰ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਚੀਨੀ ਸਮਾਨ ਦੀ ਦਰਾਮਦ ’ਤੇ 145 ਫੀਸਦੀ ਦਾ ਟੈਰਿਫ ਲਗਾਇਆ ਹੈ। ਸੀ-ਫੂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਐੱਨ. ਰਾਘਵਨ ਨੇ ਕਿਹਾ ਕਿ ਸਾਨੂੰ ਬਹੁਤ ਰਾਹਤ ਮਿਲੀ ਹੈ ਕਿਉਂਕਿ ਹੁਣ ਅਸੀਂ ਅਮਰੀਕਾ ਦੇ ਹੋਰ ਬਰਾਮਦਕਾਰਾਂ ਦੇ ਬਰਾਬਰ ਹਾਂ। ਹੁਣ ਰੁਕੀ ਹੋਈ ਸ਼ਿਪਮੈਂਟ ’ਤੇ ਕੰਮ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਝੀਂਗਾ ਦੇ ਲੱਗਭਗ 2,000 ਕੰਟੇਨਰ, ਜੋ ਹੁਣ ਤੱਕ ਹੋਲਡ ’ਤੇ ਸਨ, ਹੁਣ ਬਰਾਮਦ ਕੀਤੇ ਜਾਣਗੇ। ਇਹ ਇਸ ਲਈ ਹੈ ਕਿਉਂਕਿ ਟਰੰਪ ਨੇ 2 ਅਪ੍ਰੈਲ ਨੂੰ ਇਸ ਦਾ ਐਲਾਨ ਕਰਨ ਤੋਂ ਇਕ ਹਫ਼ਤੇ ਬਾਅਦ 9 ਅਪ੍ਰੈਲ ਨੂੰ ਉੱਚ ਟੈਰਿਫ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ।
ਇਸ ਤਰ੍ਹਾਂ ਨਾਲ ਬਰਾਮਦਕਾਰ ਝੱਲਦੇ ਹਨ ਟੈਰਿਫ ਦੀ ਲਾਗਤ
ਇਸ ਸਮੇਂ ਭਾਰਤ ਤੋਂ ਅਮਰੀਕਾ ਨੂੰ ਝੀਂਗਾ ਦੀ ਬਰਾਮਦ ’ਤੇ 17.7 ਫੀਸਦੀ ਦੀ ਦਰ ਨਾਲ ਕਸਟਮ ਡਿਊਟੀ ਲਗਾਈ ਜਾਂਦੀ ਹੈ। ਇਸ ’ਚ 5.7 ਫੀਸਦੀ ਕਾਊਂਟਰਵੇਲਿੰਗ ਡਿਊਟੀ ਅਤੇ 1.8 ਫੀਸਦੀ ਐਂਟੀ ਡੰਪਿੰਗ ਡਿਊਟੀ ਸ਼ਾਮਲ ਹੈ। ਉਦਯੋਗਿਕ ਸੂਤਰਾਂ ਨੇ ਕਿਹਾ ਕਿ ਭਾਰਤੀ ਬਰਾਮਦਕਾਰ ਆਮ ਤੌਰ ’ਤੇ ਡਿਲੀਵਰੀ ਡਿਊਟੀ-ਪੇਡ ਵਿਵਸਥਾ ਦੇ ਤਹਿਤ ਟੈਰਿਫ ਦੀ ਲਾਗਤ ਨੂੰ ਸਹਿਣ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਇਕਰਾਰਨਾਮੇ ਵਾਲੀਆਂ ਸ਼ਿਪਮੈਂਟਾਂ ਨੂੰ ਉੱਚ ਟੈਰਿਫਾਂ ਦੇ ਤਹਿਤ ਉੱਚੇ ਖਰਚੇ ਝੱਲਣੇ ਪੈਣਗੇ।
ਅਮਰੀਕਾ ਭਾਰਤੀ ਝੀਂਗਾ ਦਾ ਸਭ ਤੋਂ ਵੱਡਾ ਬਾਜ਼ਾਰ
ਐਸੋਸੀਏਸ਼ਨ ਨੇ ਇਹ ਵੀ ਦੱਸਿਆ ਕਿ ਅਮਰੀਕਾ ਤੋਂ ਆਰਡਰਾਂ ਵਿਚ ਕੋਈ ਕਮੀ ਨਹੀਂ ਆਈ ਹੈ। ਅਮਰੀਕਾ ਅਜੇ ਵੀ ਭਾਰਤੀ ਝੀਂਗਾ ਲਈ ਸਭ ਤੋਂ ਵੱਡਾ ਬਾਜ਼ਾਰ ਬਣਿਆ ਹੋਇਆ ਹੈ। ਭਾਰਤ ਨੇ ਵਿੱਤੀ ਸਾਲ 2023-24 ਵਿਚ ਅਮਰੀਕਾ ਨੂੰ 2.7 ਬਿਲੀਅਨ ਅਮਰੀਕੀ ਡਾਲਰ ਦੇ ਝੀਂਗਾ ਨਿਰਯਾਤ ਕੀਤੇ। ਇਸ ਦੌਰਾਨ ਐੱਨ. ਰਾਘਵਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਟੈਰਿਫ ’ਤੇ ਰਾਹਤ ਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਵਪਾਰ ਬਾਰੇ ਗੱਲ ਸ਼ੁਰੂ ਕੀਤੀ ਜਾਵੇ ਅਤੇ ਦੇਸ਼ ਦੇ ਸੀ-ਫੂਡ ਦੀ ਬਰਾਮਦ ਲਈ ‘ਬਰਾਬਰ ਮੌਕੇ’ ਨੂੰ ਯਕੀਨੀ ਬਣਾਉਣ ’ਤੇ ਧਿਆਨ ਦਿੱਤਾ ਜਾਵੇ।