ਸ਼ਿਮਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਿਮਾਚਲ ਪ੍ਰਦੇਸ਼ ਇਕਾਈ ਨੇ ਆਪਣੇ ਸਾਥੀਆਂ ਨੂੰ 'ਜੰਗਲੀ ਮੁਰਗਾ' ਖਾਣ ਦੀ ਸਲਾਹ ਦੇਣ ਵਾਲੇ ਬਿਆਨ ਲਈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਸ ਦੌਰਾਨ ਸੁੱਖੂ ਨੇ ਭਾਜਪਾ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਪਿੰਡਾਂ 'ਚ ਮਾਸਾਹਾਰੀ ਖਾਣਾ ਜ਼ਿੰਦਗੀ ਜਿਊਂਣ ਦਾ ਤਰੀਕਾ ਹੈ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਇਸ ਨੂੰ ਬੇਵਜ੍ਹਾ ਹੀ ਮੁੱਦਾ ਬਣਾਉਣ ਦਾ ਦੋਸ਼ ਲਗਾਇਆ। ਇੰਟਰਨੈੱਟ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਸੁੱਖੂ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ,"ਇਨ੍ਹਾਂ ਨੂੰ ਜੰਗਲੀ ਚਿਕਨ (ਮੁਰਗਾ) ਦਿਓ, ਅਸੀਂ ਥੋੜ੍ਹੀ ਖਾਣਾ ਹਾਂ।" ਇਸ ਤੋਂ ਬਾਅਦ ਸੁੱਖੂ ਆਪਣੇ ਸਹਿਯੋਗੀਆਂ ਤੋਂ ਪੁੱਛਦੇ ਹਨ ਕਿ ਕੀ ਉਹ ਇਹ ਭੋਜਨ ਖਾਣਾ ਚਾਹੁਣਗੇ।
ਭਾਜਪਾ ਨੇ ਇਸੇ ਵੀਡੀਓ ਨੂੰ ਲੈ ਕੇ ਸੁੱਖੂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਹ ਵੀਡੀਓ ਸ਼ਿਮਲਾ ਜ਼ਿਲ੍ਹੇ ਦੇ ਦੂਰ ਦੇ ਟਿੱਕਰ ਇਲਾਕੇ 'ਚ ਬਣਾਇਆ ਗਿਆ ਸੀ, ਜਿੱਥੇ ਮੁੱਖ ਮੰਤਰੀ ਰਾਤ ਨੂੰ ਸਿਹਤ ਮੰਤਰੀ ਧਨੀ ਰਾਮ ਸ਼ੈਂਡੀ ਅਤੇ ਹੋਰ ਅਧਿਕਾਰੀਆਂ ਨਾਲ ਰਾਤ ਦਾ ਭੋਜਨ ਕਰ ਰਹੇ ਸਨ। ਇਸ ਭੋਜਨ 'ਚ ਹੀ ਇਹ ਡਿਸ਼ ਪਰੋਸੀ ਗੋਈ ਸੀ। ਭਾਜਪਾ ਬੁਲਾਰੇ ਅਤੇ ਪ੍ਰਦੇਸ਼ ਸੋਸ਼ਲ ਮੀਡੀਆ ਇੰਚਾਰਜ ਚੇਤਨ ਬਰਾਗਟਾ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ,''ਜੰਗਲੀ ਮੁਰਗਾ ਇਕ ਲੁਪਤ ਹੋਣ ਵਾਲੀ ਪ੍ਰਜਾਤੀ ਹੈ, ਜਿਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ-1972 ਅਤੇ ਜੰਗਲੀ ਜੀਵ (ਸੁਰੱਖਿਆ) ਸੋਧ ਐਕਟ 2022 ਦੀ ਪਹਿਲੀ ਅਨੁਸੂਚੀ 'ਚ ਸੂਚੀਬੱਧ ਕੀਤਾ ਗਿਆ ਹੈ। ਇਸ ਪ੍ਰਜਾਤੀ ਦਾ ਸ਼ਿਕਾਰ ਕਰਨਾ ਅਤੇ ਖਾਣਾ ਗੈਰ-ਕਾਨੂੰਨੀ ਹੈ।'' ਇਸ ਵਿਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਜੰਗਲੀ ਮੁਰਗੇ ਦਾ ਸ਼ਿਕਾਰ ਕਰਨ ਅਤੇ ਉਸ ਨੂੰ ਖਾਣੇ 'ਤੇ ਜੇਲ੍ਹ ਅਤੇ ਜੁਰਮਾਨੇ ਦਾ ਪ੍ਰਬੰਧ ਹੈ। ਠਾਕੁਰ ਨੇ ਮੁੱਖ ਮੰਤਰੀ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਨਾ ਸਿਰਫ਼ ਇਸ ਡਿਸ਼ ਨੂੰ ਰਾਤ ਦੇ ਭੋਜਨ ਮੈਨਿਊ 'ਚ ਸ਼ਾਮਲ ਕਰਵਾਇਆ ਸਗੋਂ ਆਪਣੇ ਸਹਿਯੋਗੀਆਂ ਨੂੰ ਵੀ ਇਸ ਖਾਣ ਲਈ ਉਤਸ਼ਾਹਤ ਕੀਤਾ।