ਮੰਡੀ : ਛੋਟੀ ਕਾਸ਼ੀ ਸੰਘਰਸ਼ ਸਮਿਤੀ ਦੇ ਸੱਦੇ ’ਤੇ ਮੰਗਲਵਾਰ ਨੂੰ ਮੰਡੀ ਸ਼ਹਿਰ ’ਚ ਰੋਸ ਪ੍ਰਦਰਸ਼ਨ ਕਰ ਕੇ ਜੇਲ੍ਹ ਰੋਡ ਸਥਿਤ ਮਸਜਿਦ ਦੀ ਨਾਜਾਇਜ਼ ਉਸਾਰੀ ਦੇ ਵਿਰੋਧ ਕੀਤਾ ਅਤੇ ਇਸ ਜਗ੍ਹਾ ਨੂੰ ਮੁਕਤ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਸੇਰੀ ਮੰਚ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਚੌਹਾਟਾ ਬਾਜ਼ਾਰ ਵਿਖੇ ਸਮਾਪਤ ਹੋਇਆ। ਹਿੰਦੂ ਆਗੂ ਕਮਲ ਗੌਤਮ ਨੇ ਦੱਸਿਆ ਕਿ ਪਹਿਲਾਂ ਜੇਲ੍ਹ ਰੋਡ ’ਤੇ ਜੋ ਮਸਜਿਦ ਬਣੀ ਹੈ, ਉੱਥੇ ਪਹਿਲਾਂ ਦੇਵ ਅਸਥਾਨ ਹੁੰਦਾ ਸੀ।
ਇਸ ਅਸਥਾਨ ’ਤੇ ਖਸਰਾ ਨੰਬਰ 1280 ’ਤੇ ਜੋ ਕਬਜ਼ਾ ਕੀਤਾ ਗਿਆ ਹੈ, ਉਹ ਉਸ ਨੂੰ ਖਾਲੀ ਕਰਵਾਉਣ ਦੀ ਮੰਗ ਕਰ ਰਹੇ ਹਨ। ਇਹ ਮੰਗ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਪਹਿਲਾਂ ਵੀ ਰੱਖੀ ਗਈ ਸੀ ਪਰ ਅਜੇ ਤੱਕ ਉਸ ’ਤੇ ਅਮਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ’ਚ ਇਸ ਗੱਲ ਦੇ ਪੂਰੇ ਸਬੂਤ ਹਨ ਕਿ ਉਸ ਜ਼ਮੀਨ ’ਤੇ ਪਹਿਲਾਂ ਦੇਵ ਅਸਥਾਨ ਸੀ ਅਤੇ ਅਹਿਲ-ਏ-ਇਸਲਾਮ ਨੇ ਉੱਥੇ ਕਬਜ਼ਾ ਕੀਤਾ ਹੋਇਆ ਹੈ।
ਇਸ ਗੱਲ ਨੂੰ ਦੂਜੀ ਧਿਰ ਦੇ ਵਕੀਲ ਨੇ ਟੀ. ਸੀ. ਪੀ. ਅਦਾਲਤ ’ਚ ਵੀ ਮੰਨਿਆ ਹੈ। ਪ੍ਰਦਰਸ਼ਨ ਦੌਰਾਨ ਪੁਲਸ ਪ੍ਰਸ਼ਾਸਨ ਨੇ ਜੇਲ੍ਹ ਰੋਡ ਸਥਿਤ ਮਸਜਿਦ ਕੋਲ ਸਕੋੜੀ ਚੌਕ ’ਤੇ ਪੁਲਸ ਮੁਲਾਜ਼ਮਾਂ ਦੇ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਵੀ ਤਾਇਨਾਤ ਕੀਤਾ ਹੋਇਆ ਸੀ। ਪੁਲਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਮੰਡੀ ਸ਼ਹਿਰ ’ਚ ਲੱਗਭਗ 100 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ।